ਪੰਜ ਪਾਣੀਆਂ ਦੀ ਧਰਤੀ ਤੇ ਪਾਣੀ ਦਾ ਡੂੰਘਾ ਹੋ ਰਿਹਾ ਸੰਕਟ :

0

ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦਾ ਪੱਧਰ ਦੋ ਦਹਾਕਿਆਂ ਤੋਂ ਹੇਠਾਂ ਹੁੰਦਾ ਜਾ ਰਿਹਾ ਹੈ।150 ਬਲਾਕਾਂ ਵਿੱਚੋਂ 113 ਬਲਾਕ ਡਾਰਕ ਜੋ਼ਨ ‘ਚ ਆ ਗਏ ਹਨ। ਜਿਹੜੇ ਸਮਰੱਥਾ ਤੋਂ ਵੱਧ ਪਾਣੀ ਕੱਢਣ ਵਾਲੇ ਬਲਾਕ ਮੰਨੇ ਜਾਂਦੇ ਹਨ।ਪੰਜ ਬਲਾਕ ਅਜਿਹੇ ਵੀ ਹਨ ਜਿੱਥੇ ਪਾਣੀ ਪਿਛਲੇ ਸਾਲ ਦੀ ਤੁਲਨਾ ਵਿੱਚ ਹੋਰ ਹੇਠਾਂ ਚਲਾ ਗਿਆ ਹੈ। ਰਿਪੋਰਟ ਵਿੱਚ ਅਹਿਮ ਖੁਲਾਸਾ ਹੋਇਆ ਹੈ ਕਿ ਪੰਜਾਬ ਸਮੇਤ ਕਈ ਅਜਿਹੇ ਸੂਬੇ ਵੀ ਹਨ ਜੋ 100 ਫ਼ੀਸਦੀ ਤੋਂ ਵੱਧ ਪਾਣੀ ਜ਼ਮੀਨ ਹੇਠੋਂ ਕੱਢ ਰਹੇ ਹਨ। ਜੇਕਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਇਸੇ ਰਫ਼ਤਾਰ ਨਾਲ ਹੁੰਦੀ ਰਹੀ, ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਾਰੇ ਬਲਾਕ ਡਾਰਕ ਜੋਨ ਬਣ ਜਾਣਗੇ। ਹਾਲ ਹੀ ਵਿੱਚ ਖੇਤੀਬਾੜੀ ਵਿਭਾਗ ਦੀ ਰਿਪੋਰਟ ‘ਚ ਖ਼ੁਲਾਸਾ ਹੋਇਆ ਕਿ ਸੂਬੇ ‘ਚ ਪਾਣੀ ਦੀ ਕਿੱਲਤ ਦੇ ਬਾਵਜੂਦ ਪੰਜ ਸਾਲਾਂ ਦੌਰਾਨ ਝੋਨੇ ਹੇਠਲਾ ਰਕਬਾ ਵੱਧ ਗਿਆ ਹੈ। ਬਹੁਤਾ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਜੇ ਦੇਸ਼ ਦੀ ਗੱਲ ਕਰੀਏ ਤਾਂ ਇਸ ਵਾਰ ਗਰਮੀਆਂ ਵਿੱਚ ਵੱਡੇ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਬਹੁਤ ਰਿਹਾ। ਕਰਨਾਟਕ ਦੇ ਬੰਗਲੋਰ ਸ਼ਹਿਰ ਵਿੱਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।

22 ਮਾਰਚ ਨੂੰ ਵਿਸ਼ਵ ਪਾਣੀ ਦਿਵਸ ਮਨਾਇਆ ਜਾਂਦਾ ਹੈ।ਦਿੱਲੀ, ਪੰਜਾਬ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ।ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ ਤੇ ਆ ਗਿਆ ।ਮੁੰਬਈ ਦੇ ਪਾਣੀ ਦੀ ਗੁਣਵੱਤਾ ਸਭ ਤੋਂ ਵਧੀਆ ਰਹੀ ।ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਯੋਗ ਪਾਣੀ ਵੀ ਨਹੀਂ ਰਿਹਾ ।ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ।ਹਰ ਇੱਕ ਕੰਮ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ ।ਜੇ ਗੰਦਾ ਪਾਣੀ ਪੀਵਾਂਗੇ,  ਤਾਂ ਅਨੇਕ ਤਰ੍ਹਾਂ ਦੀ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ । ਅਕਸਰ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੇ ਅਸੀਂ ਗੰਦਾ ਪਾਣੀ ਪੀਂਦੇ ਹਾਂ, ਤਾਂ ਸਾਡਾ ਲੀਵਰ ਖਰਾਬ ਹੋ ਜਾਂਦਾ ਹੈ। ਜੇ ਲੀਵਰ ਖਰਾਬ ਹੋ ਜਾਂਦਾ ਹੈ, ਤਾਂ ਹੌਲੀ-ਹੌਲੀ ਸ਼ਰੀਰ ਦੇ ਹੋਰ ਅੰਗਾਂ ਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਹੋਰ ਵੀ ਕਈ ਤਰ੍ਹਾਂ ਜਿਵੇਂ ਚਮੜੀ ਰੋਗ, ਗੁਰਦਿਆਂ ਦਾ ਕੈਂਸਰ ਵਰਗੀ  ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣਯੋਗ ਯੋਗ ਨਹੀਂ ਰਿਹਾ ਹੈ। ਪੰਜਾਬ ਦੇ ਪੰਜ ਅਜਿਹੇ ਬਲਾਕਾਂ ਦੀ ਪਛਾਣ ਹੋਈ ਹੈ ਜਿਨਾਂ ਵਿੱਚ        ਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ।ਚਾਲੀ ਫੀਸਦੀ ਪਾਣੀ ਖ਼ਰਾਬ ਹੋ ਚੁੱਕਾ ਹੈ। ਕਈ ਧਾਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ, ਫਲੋਰਾਈਡ ,ਅਤੇ ਹੋਰ ਜਲਨਸ਼ੀਲ ਪਦਾਰਥ  ਪਾਣੀ ਵਿੱਚ ਮਿਲ ਚੁੱਕੇ ਹਨ । ਜੋ ਮਾਲਵੇ ਦਾ ਇਲਾਕਾ ਹੈ, ਉਸ ਵਿਚ ਕੈਂਸਰ ਦੇ ਬਹੁਤ ਮਰੀਜ਼ ਹੋ ਗਏ ਹਨ। ਗੰਗਾ ਨਗਰ( ਰਾਜਸਥਾਨ )ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਲਾਜ਼ ਕਰਵਾਉਣ ਲਈ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ “ਮੈਕਲੋਡਗੰਜ” ਵਿੱਚ ਵੀ ਲੋਕ ਕੈਂਸਰ ਦਵਾਈ ਲੈਣ ਜਾ ਰਹੇ ਹਨ । ਹਰ ਰੋਜ਼ ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਕੈਂਸਰ ਨਾਲ ਮੌਤਾਂ ਹੋ ਰਹੀਆਂ ਹਨ। ਦੁਧਾਰੂ ਪਸ਼ੂਆਂ ਵਿੱਚ ਵੀ ਕੈਂਸਰ ਦੇ ਲੱਛਣ ਪਾਏ ਗਏ। ਦੇਖੋ ਜੋ ਉਨਾਂ ਦਾ ਦੁੱਧ ਵਰਤੋ ਵਿੱਚ ਲੈ ਕੇ ਆ ਰਹੇ ਹਨ, ਉਹ ਵੀ ਪ੍ਰਭਾਵਿਤ ਹੋ ਰਹੇ ਹਨ।ਮਾਨਸਾ, ਬਠਿੰਡਾ , ਤੇ ਹੋਰ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਪਾਣੀ ਪੀਣਯੋਗ ਬਿਲਕੁਲ ਵੀ ਨਹੀਂ ਰਿਹਾ ਹੈ। ਸਾਫ਼ ਪਾਣੀ ਨਾ ਮਿਲਣ ਕਰਕੇ ਹਰ ਰੋਜ਼ ਕੋਈ ਨਾ ਕੋਈ ਪਿੰਡਾਂ ਵਿੱਚ ਮੌਤ ਹੋ ਜਾਂਦੀ ਹੈ। ਹਾਲਾਂਕਿ ਕਈ ਪਿੰਡਾਂ ਵਿੱਚ ਆਰ ਓ ਸਿਸਟਮ ਵੀ ਲੱਗੇ ਹੋਏ ਹਨ। ਫ਼ਿਰ ਵੀ ਕਈ ਅਜਿਹੇ ਪਿੰਡ ਹਨ, ਜਿੱਥੇ  ਇਹ ਪ੍ਰਣਾਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਮਾਲਵਾ ਇਲਾਕੇ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਉਹਨਾਂ ਨੂੰ ਸਾਫ਼ ਸੁਥਰਾ ਪੀਣਯੋਗ ਪਾਣੀ ਵੀ ਨਹੀਂ ਮਿਲ ਰਿਹਾ ਹੈ। ਮੋਹਾਲੀ ਜ਼ਿਲ੍ਹੇ ਦੇ ਤਹਿਸੀਲ ਡੇਰਾਬੱਸੀ ਖ਼ੇਤਰ ਵਿੱਚ ਵੀ ਕੈਂਸਰ ਨਾਲ ਕਾਫ਼ੀ ਪੀੜਤ ਵਿਅਕਤੀਆਂ ਦੀ ਰਿਪੋਰਟ ਸਾਹਮਣੇ ਆ ਰਹੀ ਹੈ।  ਇੱਥੇ ਕੈਮੀਕਲ ਫੈਕਟਰੀਆਂ ਨੇ ਬਹੁਤ ਗਲਤ ਕੰਮ ਕੀਤੇ ਹੋਏ ਹਨ ਜੋ ਕਿ ਅਧਿਕਾਰੀਆਂ ਦੀ ਜਾਂਚ ਪੜਤਾਲ ਤੋਂ ਬਾਅਦ  ਸਾਹਮਣੇ ਆ ਰਹੇ ਹਨ। ਮੌਜੂਦਾ ਹਲਕਾ ਵਿਧਾਇਕ ਨੇ ਜਹਿਰੀਲੇ ਪਾਣੀ ਦਾ ਟੈਂਕਰ ਫੜਿਆ। ਤੇ ਜੋ ਵੀ ਕੈਮੀਕਲ  ਫੈਕਟਰੀਆਂ ਹਨ, ਇਨ੍ਹਾਂ ਦੀ ਜਾਂਚ ਪੜਤਾਲ ਕੀਤੀ। ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਹੋਰ ਤਾਂ ਹੋਰ ਅਖ਼ਬਾਰ ਵਿੱਚ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਕਿਸੇ ਫੈਕਟਰੀ ਦੇ ਦੂਸ਼ਿਤ ਪਾਣੀ ਦੇ ਨਿਕਾਸ ਲਈ ਧਰਤੀ ਹੇਠ ਡੂੰਘਾ ਬੋਰ ਕੀਤਾ ਹੋਇਆ ਹੈ। ਜਿਸ ਕਰਕੇ ਦੂਸ਼ਿਤ ਪਾਣੀ ਧਰਤੀ ਦੇ ਥੱਲੇ ਜਾ ਰਿਹਾ ਹੈ।

    ਇਨ੍ਹਾਂ ਦਰਿੰਦਿਆਂ ਨੇ ਤਾਂ ਦਰਿਆਈ  ਜੀਵਾਂ ਨੂੰ ਵੀ ਨਹੀਂ ਬਖਸ਼ਿਆ।ਹਾਲ ਹੀ ਵਿੱਚ ਖ਼ਬਰਾਂ ਵੀ ਆਇਆ ਕਿ ਫੈਕਟਰੀਆਂ ਦਾ ਗੰਦਾ ਪਾਣੀ ਟੋਭਿਆਂ ਵਿੱਚ ਸੁੱਟ ਦਿਤਾ ਗਿਆ ,ਜਿਸ ਕਾਰਨ ਪਸ਼ੂਆਂ ਦੀ ਵੀ ਮੌਤ ਹੋਈ ।  ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ । ਕੈਮੀਕਲ ਦਰਿਆਵਾਂ, ਨਹਿਰਾਂ ਵਿੱਚ ਸੁੱਟਣ ਨਾਲ ਜੀਵ-ਜੰਤੂ ਵੀ ਮਰ ਜਾਂਦੇ ਹਨ। ਹਰ ਤਬਕਾ ਪ੍ਰਭਾਵਿਤ ਹੁੰਦਾ ਹੈ ‌। ਅਸੀਂ ਬੇਜ਼ੁਬਾਨੇ ਜੀਵ-ਜੰਤੂਆਂ ਲਈ ਵੀ ਕਹਿਰ ਢਾਹ ਰਹੇ ਹਨ।

ਜਦੋਂ 2020 ਮਾਰਚ ਤਾਲਾਬੰਦੀ ਕਰ ਦਿੱਤੀ ਗਈ, ਤਾਂ ਸਾਰਾ ਵਾਤਾਵਰਣ ਸਾਫ਼-ਸੁਥਰਾ ਹੋ ਚੁੱਕਿਆ ਸੀ। ਨਿੱਜੀ ਸੁਆਰਥ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਵੇਖਿਆ ਇਹ ਹੈ ਅਸੀਂ ਕਿ ਜਦੋਂ ਤਾਲਾਬੰਦੀ ਸੀ ਤਾਂ ਸਾਰੀ ਗਤੀਵਿਧੀਆਂ ਰੁੱਕ ਗਈਆਂ ਸਨ। ਫੈਕਟਰੀਆਂ ਵੀ ਬੰਦ ਹੋ ਗਈਆਂ ਸਨ। ਦਰਿਆ ਤੱਕ ਸਾਫ਼ ਹੋ ਚੁੱਕੇ ਸਨ। ਦਰਿਆਈ ਜੀਵ ਜੰਤੂਆਂ ਨੇ ਸੁੱਖ ਦਾ ਸਾਹ ਲਿਆ ਸੀ। ਕਿਉਂਕਿ ਕੈਮੀਕਲ ਬਿਲਕੁਲ ਵੀ ਦਰਿਆਵਾਂ ਵਿੱਚ ਨਹੀਂ ਜਾ ਰਿਹਾ ਸੀ। ਜਦੋਂ ਹੌਲੀ ਹੌਲੀ ਤਾਲਾਬੰਦੀ ਵਿੱਚ ਖੁੱਲ੍ਹ ਦਿੱਤੀ ਗਈ ਤਾਂ ਮਨੁੱਖ ਫਿਰ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਇਆ। ਉਸ ਨੇ ਫਿਰ ਆਪਣੇ ਨਿੱਜੀ ਸਵਾਰਥਾਂ ਖ਼ਾਤਰ ਕੁਦਰਤ ਨਾਲ ਜੀਵ ਜੰਤੁਆ ਨਾਲ ਛੇੜ-ਛਾੜ ਸ਼ੁਰੂ ਕਰ ਦਿੱਤੀ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਬਿਆਸ ਦਰਿਆਵਾਂ ਵਿੱਚ ਡਾਲਫਿਨ ਮੱਛੀਆਂ ਦੀ ਮੌਤ ਹੋ ਗਈ। ਹੋਰ ਵੀ ਕਈ ਦਰਿਆਈ ਜੀਵ ਜੰਤੂ ਪ੍ਰਭਾਵਿਤ ਹੋਏ। ਵਿਚਾਰਨ ਵਾਲੀ ਗੱਲ ਹੈ ਕਿ ਇਸ ਧਰਤੀ ਤੇ ਸਿਰਫ਼ ਮਨੁੱਖ ਨੂੰ ਹੀ  ਰਹਿਣ ਦਾ ਹੀ  ਹੱਕ ਹੈ? ਕੀ ਗੱਲ ਮਨੁੱਖ ਆਪਣੀ ਪੱਕੀ ਵਸੀਅਤ ਕਰਵਾ ਕੇ ਆਇਆ ਹੈ। ਕੀ ਸਿਰਫ਼ ਧਰਤੀ ਤੇ ਮੈਂ ਹੀ ਰਹਿਣਾ ਹੈ? ਕਿਸੇ ਹੋਰ ਜੀਵ ਜੰਤੂ ਨੇ ਨਹੀਂ ਰਹਿਣਾ ਹੈ? ਇਸ ਧਰਤੀ ਤੇ ਜਿੰਨਾ ਮਨੁੱਖ ਦਾ ਹੱਕ ਹੈ, ਉਨ੍ਹਾਂ ਸਾਰੇ ਜੀਵ-ਜੰਤੂਆਂ ਦਾ ਹੱਕ ਹੈ। 

ਜੇ ਸਮਾਂ ਰਹਿੰਦੇ ਕੋਈ ਠੋਸ ਨੀਤੀ ਨਾ ਬਣਾਈ ਗਈ ਤਾਂ ਜਲਦ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਏਗਾ ।ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ, ਤਾਂ ਕਿ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਬਣਾ ਕੇ ਉਸ ਤੇ ਅਮਲ ਦਰਾਮਦ ਹੋ ਸਕੇ। ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ ।ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸਿਹਤ ਹੀ ਅਸਲੀ ਧਨ ਦੌਲਤ ਹੈ । ਕੇਂਦਰ ਤੇ ਰਾਜ ਸਰਕਾਰ ਨੂੰ ਜਲ ਮਿਸ਼ਨ ਅਧੀਨ ਵਧੀਆ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ।

ਸੰਜੀਵ ਸਿੰਘ ਸੈਣੀ ,ਮੋਹਾਲੀ 7888966168

Leave a Reply

Your email address will not be published. Required fields are marked *