ਪੁਲਿਸ ਦੀ ਵਸੂਲੀ ਤੋਂ ਪਰੇਸ਼ਾਨ ਨੌਜਵਾਨ ਕਾਰੋਬਾਰੀ ਭਾਜਪਾ ਨੇਤਾ ਸਰੂਪ ਸਿੰਗਲਾ ਦੀ ਸ਼ਰਨ ਵਿੱਚ ਪਹੁੰਚੇ

0

ਪੁਲਿਸ ਉਤੇ ‘ਚਿੱਟੇ ਦਾ ਮਾਮਲਾ ਦਰਜ ਕਰਨ’ ਦੀ ਧਮਕੀ ਦੇ ਕੇ ਕਾਰੋਬਾਰੀਆਂ ਤੋਂ ਲੱਖਾਂ ਰੁਪਏ ਵਸੂਲਣ ਦੇ ਦੋਸ਼

— ਭਾਜਪਾ ਨੇਤਾ ਸਰੂਪ ਚੰਦ ਸਿੰਗਲਾ ਨੇ ਪੀੜਤ ਕਾਰੋਬਾਰੀਆਂ ਨੂੰ ਮੀਡੀਆ ਸਾਹਮਣੇ ਕੀਤਾ ਪੇਸ਼, ਵਿਜੀਲੈਂਸ ਅਤੇ ਮੁੱਖ ਮੰਤਰੀ ਪੋਰਟਲ ‘ਤੇ ਦਰਜ ਕਰਵਾਈ ਸ਼ਿਕਾਇਤ

ਭਗਤਾ ਭਾਈਕਾ 30 ਅਪ੍ਰੈਲ  ( ਰਾਜਿੰਦਰਪਾਲ ਸ਼ਰਮਾ )

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜੀਰੋ ਟੋਲਰੈਂਸ ਨੀਤੀ ਦੇ ਬਾਵਜੂਦ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਬਠਿੰਡਾ ਵਿੱਚ ਤਿੰਨ ਨੌਜਵਾਨ ਕਾਰੋਬਾਰੀਆਂ ਨੇ ਪੁਲਿਸ ਕਰਮਚਾਰੀਆਂ ਉੱਤੇ ‘ਚਿੱਟੇ’ ਦੇ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਗੈਰਕਾਨੂੰਨੀ ਵਸੂਲੀ ਕਰਨ ਦੇ ਦੋਸ਼ ਲਗਾਏ ਹਨ। ਪਰੇਸ਼ਾਨ ਹੋ ਕੇ ਇਹ ਨੌਜਵਾਨ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਕੋਲ ਮਦਦ ਲਈ ਪਹੁੰਚੇ। ਇਸ ਮੌਕੇ 

ਪ੍ਰੈਸ ਕਾਨਫਰੰਸ ਕਰਕੇ ਸਰੂਪ ਸਿੰਗਲਾ ਨੇ ਲਵਲੀਨ, ਦੁਸ਼ਿਆਂਤ ਅਤੇ ਅੰਕੂ ਨਾਮਕ ਤਿੰਨੋ ਕਾਰੋਬਾਰੀਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਵਿਭਾਗ ਵਿੱਚ ਕਈ ਇਮਾਨਦਾਰ ਅਧਿਕਾਰੀ ਕੰਮ ਕਰ ਰਹੇ ਹਨ, ਉੱਥੇ ਕੁਝ ‘ਭੇੜੀਏ’ ਪੁਲਿਸ ਵਰਦੀ ਦਾ ਦੁਰੁਪਯੋਗ ਕਰਕੇ ਪੂਰੇ ਵਿਭਾਗ ਦੀ ਛਵੀ ਖਰਾਬ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਰਮਚਾਰੀ ਕਾਰੋਬਾਰੀਆਂ ਨੂੰ ਝੂਠੇ ਨਸ਼ੇ ਦੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਵਸੂਲ ਰਹੇ ਹਨ।

ਪੀੜਤਾਂ ਦੇ ਅਨੁਸਾਰ ਉਹ ਪਿਛਲੇ ਚਾਰ ਸਾਲਾਂ ਤੋਂ ਇਮਾਨਦਾਰੀ ਨਾਲ ਆਨਲਾਈਨ ਥੋਕ ਵਪਾਰ ਕਰ ਰਹੇ ਹਨ, ਪਰ ਪਿਛਲੇ ਦੋ ਸਾਲਾਂ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਉਨ੍ਹਾਂ ਤੋਂ ਲਗਭਗ ਸਾਢੇ 13 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਅੰਕੂ ਨੇ ਦੱਸਿਆ ਕਿ 21 ਜਨਵਰੀ 2025 ਨੂੰ ਉਸਨੂੰ ਸੀ.ਆਈ.ਏ. ਪੁਲਿਸ ਹਨੁਮਾਨ ਚੌਂਕ ਤੋਂ ਚੁੱਕ ਕੇ ਲੈ ਗਈ ਸੀ। ਇਸ ਦੌਰਾਨ ਉਸ ਨਾਲ ਬਹੁਤ ਮਾਰਕੁੱਟ ਕੀਤੀ ਗਈ। ਪੁਲਿਸ ਤੋਂ ਛੁਟਕਾਰਾ ਪਾਉਣ ਲਈ ਉਸ ਤੋਂ 12 ਲੱਖ ਰੁਪਏ ਨਕਦ ਵਸੂਲ ਕੀਤੇ ਗਏ। ਇਸੇ ਤਰ੍ਹਾਂ ਲਵਲੀਨ ਨੇ ਦੱਸਿਆ ਕਿ ਉਸ ਤੋਂ ਪਿਛਲੇ ਸਾਲ 1.5 ਲੱਖ ਰੁਪਏ ਲਏ ਗਏ ਅਤੇ 50 ਹਜ਼ਾਰ ਰੁਪਏ ਹੋਰ ਮੰਗੇ ਗਏ, ਜਿਸ ਕਾਰਨ ਉਸਨੂੰ ਬਠਿੰਡਾ ਛੱਡ ਕੇ ਮੋਹਾਲੀ ਜਾਣਾ ਪਿਆ।

ਦੁਸ਼ਆਂਤ ਨੇ ਦੱਸਿਆ ਕਿ ਬੀਤੀ 22 ਅਪ੍ਰੈਲ ਨੂੰ ਪੁਲਿਸ ਉਸਦੇ ਘਰ ਆਈ ਅਤੇ 5 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ ‘ਤੇ ‘ਚਿੱਟੇ’ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਗਈ। ਉਸਨੇ ਤੁਰੰਤ ਰਾਹਤ ਲਈ ਢਾਈ ਲੱਖ ਰੁਪਏ ਦੇਣ ਦਾ ਭਰੋਸਾ ਦੇ ਕੇ ਪਿੱਛਾ ਛੁੜਾਇਆ। ਤਿੰਨਾਂ ਨੌਜਵਾਨ ਕਾਰੋਬਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ‘ਤੇ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਉਹ ਗਲਤ ਕੰਮ ਕਰ ਰਹੇ ਹਨ ਅਤੇ ਨਕਲੀ ਸਮਾਨ ਵੇਚ ਰਹੇ ਹਨ। ਜੇਕਰ ਉਹ ਪੈਸੇ ਨਹੀਂ ਦੇਣਗੇ ਤਾਂ ਉਨ੍ਹਾਂ ਨੂੰ ‘ਚਿੱਟੇ’ ਦੇ ਝੂਠੇ ਮਾਮਲੇ ਵਿੱਚ ਫਸਾ ਦਿੱਤਾ ਜਾਵੇਗਾ। ਜਦੋਂ ਪੁਲਿਸ ਤੋਂ ਸਬੂਤ ਮੰਗੇ ਗਏ ਤਾਂ ਉਹ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਉਲਟ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।

ਨੌਜਵਾਨ ਕਾਰੋਬਾਰੀਆਂ ਵੱਲੋਂ ਆਪਣੀ ਪੀੜਾ ਬਿਆਨ ਕਰਨ ਤੋਂ ਬਾਅਦ ਭਾਜਪਾ ਜ਼ਿਲ੍ਹਾ ਪ੍ਰਧਾਨ ਸਿੰਗਲਾ ਨੇ ਕਿਹਾ ਕਿ ਇਕ ਪਾਸੇ ਗੈਂਗਸਟਰ ਵਪਾਰੀਆਂ ਤੋਂ ਫ਼ਿਰੌਤੀ ਮੰਗ ਰਹੇ ਹਨ, ਦੂਜੇ ਪਾਸੇ ਪੁਲਿਸ ਦੇ ਕੁਝ ਭ੍ਰਿਸ਼ਟ ਕਰਮਚਾਰੀ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਅਤੇ ਮੁੱਖ ਮੰਤਰੀ ਪੋਰਟਲ ‘ਤੇ ਦਰਜ ਕਰਵਾ ਦਿੱਤੀ ਗਈ ਹੈ। ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਭਾਜਪਾ ਪੁਲਿਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰੇਗੀ।

Leave a Reply

Your email address will not be published. Required fields are marked *