ਜਦੋਂ ਤਕ ‘ਆਪ’ ਨਾਲ ਸਨ ਚੰਗੇ ਸਨ, ਹੁਣ ਸਾਰੇ ਐਮ.ਪੀ. ਗੱਦਾਰ ਹੋ ਗਏ? : ਅਸ਼ਵਨੀ ਸ਼ਰਮਾ

0

ਰਾਜਿੰਦਰ ਗੁਪਤਾ, ਅਸ਼ੋਕ ਮਿੱਤਲ ਤੇ ਹਰਭਜਨ ਸਿੰਘ ਦੇ ਅਪਮਾਨ ’ਤੇ ਭੜਕੇ ਸੀਨੀਅਰ ਭਾਜਪਾ ਆਗੂ

ਚੰਡੀਗੜ੍ਹ, 28 ਅਪ੍ਰੈਲ (ਦੁਰਗੇਸ਼ ਗਾਜਰੀ) : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ‘ਗੱਦਾਰ ਕੌਣ?’ ਦੇ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੇ ਦੋ-ਤਿਹਾਈ ਰਾਜ ਸਭਾ ਮੈਂਬਰਾਂ ਨੇ ਭਾਜਪਾ ਵਿੱਚ ਰਲੇਵਾਂ ਕੀਤਾ ਹੈ, ਉਸ ਨੂੰ ਲੈ ਕੇ ਰਾਘਵ ਚੱਢਾ ਨੇ ਦੋ ਸ਼ਬਦ ਵਰਤੇ ਹਨ। ਉਨ੍ਹਾਂ ਕਿਹਾ ਕਿ ਸੀਐਮ ਮਾਨ ਗੱਲਾਂ ਤਾਂ ਕਰ ਰਹੇ ਹਨ ਪਰ ਜਵਾਬ ਨਹੀਂ ਦੇ ਰਹੇ। ਜਦੋਂ ਇਹ ਕਿਹਾ ਗਿਆ ਕਿ ਤੁਸੀਂ ਭ੍ਰਿਸ਼ਟਾਚਾਰ ਵਿੱਚ ਹੋ ਅਤੇ ਸਮਝੌਤਾ ਕਰ ਚੁੱਕੇ ਹੋ, ਤਾਂ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਜਦੋਂ ਤੱਕ ਇਹ ਆਗੂ ਇਨ੍ਹਾਂ ਦੇ ਨਾਲ ਸਨ, ਉਦੋਂ ਤੱਕ ਉਹ ਚੰਗੇ ਸਨ, ਪਰ ਜਦੋਂ ਇਨ੍ਹਾਂ ਤੋਂ ਦੂਰ ਹੋਏ ਤਾਂ ਹੁਣ ਉਨ੍ਹਾਂ ਨੂੰ ‘ਗੱਦਾਰ’ ਕਿਹਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੁਲਿਸ ਦੀ ਮੌਜੂਦਗੀ ਵਿੱਚ ਇਨ੍ਹਾਂ ਦੇ ਬੰਦੇ ਲੋਕਾਂ ਦੇ ਘਰਾਂ ਦੇ ਬਾਹਰ (ਗੱਦਾਰ) ਲਿਖ ਰਹੇ ਹਨ। ਸ਼ਰਮਾ ਨੇ ਕਿਹਾ ਕਿ ਰਾਜਿੰਦਰ ਗੁਪਤਾ ਕੌਣ ਹਨ? ਉਹ ਉਹ ਸ਼ਖਸ ਹਨ ਜਿਨ੍ਹਾਂ ਨੇ ਪੰਜਾਬ ਵਿੱਚ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਹਰ ਸਾਲ ਪੰਜਾਬ ਦੀ ਆਰਥਿਕਤਾ ਵਿੱਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਹਿੱਸਾ ਹੁੰਦਾ ਹੈ। ਜਦੋਂ ਤੱਕ ਉਹ ‘ਆਪ’ ਪਾਰਟੀ ਦੇ ਨਾਲ ਸਨ, ਠੀਕ ਸੀ, ਪਰ ਹੁਣ ਉਹ ਗੱਦਾਰ ਹੋ ਗਏ। ਅਸ਼ੋਕ ਮਿੱਤਲ ਦੀ ਲਵਲੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦੀ ਪਛਾਣ ਬਣਾਈ ਹੈ ਅਤੇ ਉਹ ਆਰਥਿਕ ਤੌਰ ‘ਤੇ ਵੀ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਉਭਾਰਿਆ ਅਤੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਪਰ ਉਨ੍ਹਾਂ ਨੂੰ ਵੀ ਗੱਦਾਰ ਕਿਹਾ ਜਾ ਰਿਹਾ ਹੈ। ਹਰਭਜਨ ਸਿੰਘ ਪੰਜਾਬੀ ਸਿੱਖ ਅਤੇ ਦੇਸ਼ ਦਾ ਮਾਣ ਹਨ, ਉਨ੍ਹਾਂ ਦਾ ਵੀ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਅਪਮਾਨ ਕਰਨਾ ਯਾਨੀ ਉਨ੍ਹਾਂ ਖਿਡਾਰੀਆਂ ਦਾ ਅਪਮਾਨ ਹੈ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਨਾਮ ਰੌਸ਼ਨ ਕੀਤਾ ਹੈ। ਜਦੋਂ ਤੱਕ ਉਹ ‘ਆਪ’ ਪਾਰਟੀ ਦੇ ਨਾਲ ਸਨ, ਉਹ ਵੀ ਗੱਦਾਰ ਨਹੀਂ ਸਨ। ਵਿਕਰਮ ਸਾਹਨੀ ਦੁਨੀਆ ਭਰ ਵਿੱਚ ਪੰਜਾਬੀਆਂ ਦੀ ਆਰਥਿਕ ਸਹਾਇਤਾ ਲਈ ਕੰਮ ਕਰਦੇ ਹਨ ਅਤੇ ਉਹ ਇੱਕ ਸਮਾਜ ਸੇਵੀ ਤੇ ਉਦਯੋਗਪਤੀ ਹਨ। ਉਨ੍ਹਾਂ ਨੇ ਕੋਰੋਨਾ ਕਾਲ ਵਿੱਚ ਵੀ ਅੱਗੇ ਹੋ ਕੇ ਬਹੁਤ ਕੰਮ ਕੀਤਾ, ਪਰ ਹੁਣ ਉਨ੍ਹਾਂ ਨੂੰ ਵੀ ਗੱਦਾਰ ਕਿਹਾ ਜਾ ਰਿਹਾ ਹੈ।

Leave a Reply

Your email address will not be published. Required fields are marked *