ਪਿੰਡ ਹਾਜੀਪੁਰ ‘ਚ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਹਵਾ 

0

ਸਰਕਾਰੀ ਮਿਡਲ ਸਕੂਲ ‘ਚ ਕੋਈ ਵੀ ਅਧਿਆਪਕ ਪੱਕੇ ਤੌਰ ‘ਤੇ ਨਾ ਹੋਣ ਦੇ ਲੱਗੇ ਇਲਜ਼ਾਮ 

ਗੜ੍ਹਸ਼ੰਕਰ (ਰਾਕੇਸ਼ ਕੁਮਾਰ)- ਇੱਕ ਪਾਸੇ ਪੰਜਾਬ ਸਰਕਾਰ ਜਿਥੇ ਸੂਬੇ ਭਰ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈਕੇ ਵੱਡੇ ਦਾਅਵੇ ਕਰ ਰਹੀ ਹੈ। ਪਰ ਦੂਜੇ ਪਾਸੇ ਜ਼ਮੀਨੀ ਹਕੀਕਤ  ਵਿੱਚ ਕਈ ਸਕੂਲ ਹਜੇ ਵੀ ਅਧਿਆਪਕਾਂ ਤੋਂ ਵਾਂਝੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਹਾਜੀਪੁਰ ਦੇ ਸਰਕਾਰੀ ਮਿਡਲ ਸਕੂਲ ਦਾ ਸਾਹਮਣੇ ਆਇਆ ਹੈ। ਜਿਥੇ ਸਕੂਲ ਵਿੱਚ ਕੋਈ ਵੀ ਅਧਿਆਪਕ ਪੱਕੇ ਤੌਰ ‘ਤੇ ਨਾ ਹੋਣ ਦੇ ਕਾਰਨ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਜਾਪ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸ਼ਪਾਲ ਜੱਸੀ, ਹੇਮਰਾਜ, ਹਰਮੇਸ਼ ਲਾਲ, ਪ੍ਰੇਮ ਨਾਥ, ਕੁਲਦੀਪ ਕੁਮਾਰ, ਗੁਰਦੇਵ ਰਾਮ, ਗੁਰਮੇਲ ਸਿੰਘ, ਅਵਤਾਰ ਚੰਦ ਅਤੇ ਤਰਸੇਮ ਲਾਲ ਨੇ ਦੱਸਿਆ ਕਿ ਪਿੰਡ ਹਾਜੀਪੁਰ ਦਾ ਮਿਡਲ ਸਕੂਲ ਜਿਹੜਾ ਕਿ ਡਿਪਟੀ ਸਪੀਕਰ ਦੇ ਸਹੁਰਿਆਂ ਦਾ ਪਿੰਡ ਵੀ ਹੈ। ਇਥੇ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਸਥਾਈ ਤੌਰ ‘ਤੇ ਅਧਿਆਪਕ ਨਹੀਂ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਦੇ ਵਿੱਚ 50 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜਿਨ੍ਹਾਂ ਦੇ ਲਈ ਇੱਕ ਨਾਲ ਦੇ ਪਿੰਡ ਤੋਂ ਅਰਜ਼ੀ ਤੌਰ ਤੇ ਅਧਿਆਪਕ ਆਪਣੀ ਡਿਊਟੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਖਰਾਬ ਨਾਂ ਹੋਵੇ ਉਸਦੇ ਲਈ ਪਿੰਡ ਵਾਸੀਆਂ ਵਲੋਂ ਆਪਣੇ ਖ਼ਰਚੇ ਤੇ ਇੱਕ ਅਧਿਆਪਕ ਰੱਖਿਆ ਗਿਆ ਹੈ ਅਤੇ ਇੱਕ ਰਿਟਾਇਰ ਅਧਿਆਪਕ ਵਲੋਂ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਇਸ ਸਕੂਲ ਦੇ ਵਿੱਚ 100 ਦੇ ਕਰੀਬ ਬੱਚੇ ਪੜਦੇ ਸਨ। ਪਰ ਅਧਿਆਪਕਾਂ ਦੀ ਘਾਟ ਦੇ ਚੱਲਦੇ ਹੁਣ ਬੱਚਿਆਂ ਦੀ ਗਿਣਤੀ ਘੱਟ ਗਈ ਹੈ। ਪਿੰਡ ਵਾਸੀਆਂ ਨੇ ਰੋਸ਼ ਜ਼ਾਹਰ ਕਰਦੇ ਹੋਏ ਕਿਹਾ ਕਿ ਬਿਨ੍ਹਾਂ ਅਧਿਆਪਕਾਂ ਤੋਂ ਸਕੂਲਾਂ ਵਿੱਚ ਕਿਵੇਂ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਥੇ ਘਟੋ-ਘੱਟ 3 ਅਧਿਆਪਕ ਨਿਯੁਕਤ ਕੀਤੇ ਜਾਣ। ਤਾਂਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ।

Leave a Reply

Your email address will not be published. Required fields are marked *