ਪੰਜਾਬ ਸਰਕਾਰ ਦੇ ਸਰਪਲਸ ਬਿਜਲੀ ਦੇ ਦਾਅਵਿਆਂ ਦੀ ਨਿਕਲੀ ਫੂਕ

0

ਬਿਜਲੀ ਦੇ ਲੰਬੇ ਕੱਟਾਂ ਕਾਰਨ ਪੰਜਾਬ ਦੇ ਲੋਕ ਹੋਏ ਬੇਹਾਲ : ਕਿਰਤੀ ਕਿਸਾਨ ਯੂਨੀਅਨ

ਮੋਹਾਲੀ, 27 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਕਿਰਤੀ ਕਿਸਾਨ ਯੂਨੀਅਨ ਨੇ ਸੂਬੇ ਵਿੱਚ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾ ਕਾਰਨ ਲੋਕਾਂ ਵਿੱਚ ਮੱਚੀ ਹਾਹਾਕਾਰ ਦੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲਸ ਹੋਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਯੂਨੀਅਨ ਨੇ ਕਿਹਾ ਹੈ ਕਿ ਇੱਕ ਪਾਸੇ ਸੂਬੇ ਭਰ ਵਿੱਚ ਲੋਕ ਲੰਬੇ ਕੱਟਾ ਕਾਰਨ ਪ੍ਰੇਸ਼ਾਨ ਹੋਕੇ ਬਿਜਲੀ ਗਰਿੱਡਾਂ ਅਤੇ ਦਫਤਰਾਂ ਸਾਹਮਣੇ ਰੋਸ ਜ਼ਾਹਰ ਕਰ ਰਹੇ ਹਨ ਜਦੋਂ ਕਿ ਦੂਜੇ ਪਾਸੇ ਸੂਬੇ ਦੇ ਬਿਜਲੀ ਮੰਤਰੀ ਮਹਿਕਮੇ ਨੂੰ ਲਵਾਰਿਸ ਛੱਡਕੇ ਕਿਤੇ ਗੁੰਮ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਜੱਥੇਬੰਦੀ ਦੇ ਸੂਬਾਈ ਵਫ਼ਦ ਨੇ 28 ਅਪ੍ਰੈਲ ਨੂੰ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਉਨ੍ਹਾਂ ਤੋਂ ਸਮਾਂ ਲੈਣ ਲਈ ਸੰਪਰਕ ਵੀ ਕੀਤਾ ਗਿਆ ਹੈ। ਉਪਰੋਕਤ ਫੈਸਲਾ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਿਜਲੀ ਸੰਕਟ ਬਾਰੇ ਵਿਚਾਰ ਵਟਾਂਦਰਾ ਕਰਨ ਮੌਕੇ ਕੀਤਾ ਗਿਆ। ਜੱਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੂਲਜ ‘ਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ 15 ਮਈ ਨੂੰ ਗਵਰਨਰ ਪੰਜਾਬ ਦੀ ਰਿਹਾਇਸ਼ ਲੋਕ ਭਵਨ ਵੱਲ ਕੀਤੇ ਜਾਣ ਵਾਲੇ ਮੁਜ਼ਾਹਰੇ ਵਿੱਚ ਹਜ਼ਾਰਾਂ ਕਿਸਾਨਾਂ ਨਾਲ ਸ਼ਮੂਲੀਅਤ ਕਰਨ ਦਾ ਫੈਸਲਾ ਵੀ ਕੀਤਾ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੂਬੇ ਵਿੱਚ ਅਚਾਨਕ ਵਧੀ ਗਰਮੀ ਕਾਰਨ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨ ਵਿੱਚ ਪੰਜਾਬ ਸਰਕਾਰ ਫੇਲ ਹੋ ਗਈ ਹੈ। ਘਰੇਲੂ ਸਪਲਾਈ ਦੇ ਲੰਬੇ ਲੰਬੇ ਕੱਟਾ ਕਾਰਨ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ।ਕਣਕ ਦੀ ਵਾਢੀ ਲਗਭਗ ਮੁੰਕਮਲ ਹੋ ਗਈ ਹੈ।ਪਰ ਇਸਦੇ ਬਾਵਜੂਦ ਖੇਤੀ ਖੇਤਰ ਲਈ ਵੀ ਹਾਲੇ ਕੱਟ ਜਾਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਇਹ ਹਾਲਾਤ ਹਨ ਤਾਂ ਫਿਰ ਝੋਨੇ ਦੇ ਸੀਜ਼ਨ ਵੇਲੇ ਸਥਿਤੀ ਕੀ ਹੋਵੇਗੀ? ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀ ਖੇਤਰ ਨੂੰ ਅੱਠ ਘੰਟੇ ਅਤੇ ਘਰੇਲੂ ਖੇਤਰ ਨੂੰ 24 ਘੰਟੇ ਨਿਰਵਿਘਨ ਸਪਲਾਈ ਦੇਣ ਦੀ ਮੰਗ ਨੂੰ ਲੈਕੇ ਜੱਥੇਬੰਦੀ ਦਾ ਸੂਬਾਈ ਵਫ਼ਦ ਚੇਅਰਮੈਨ ਬਿਜਲੀ ਬੋਰਡ ਨੂੰ 28 ਅਪ੍ਰੈਲ ਨੂੰ ਪਟਿਆਲਾ ਵਿਖੇ ਮਿਲੇਗਾ ਇਸ ਮੁਲਾਕਾਤ ਲਈ ਚੇਅਰਮੈਨ ਨਾਲ ਫੋਨ ਤੇ ਵੀ ਰਾਬਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਨਾਲ ਮੁਲਾਕਾਤ ਮਗਰੋਂ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੂਲਜ ‘ਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਲਈ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਅਤੇ ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ ਨਹਿਰੀ ਪਾਣੀ ਦੇਣ ਸਮੇਤ ਪੰਜਾਬ ਦੀਆਂ ਹੋਰ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 15 ਮਈ ਨੂੰ ਗਵਰਨਰ ਪੰਜਾਬ ਦੀ ਰਿਹਾਇਸ਼ ਲੋਕ ਭਵਨ ਵੱਲ ਕੀਤੇ ਜਾਣ ਵਾਲੇ ਮੁਜ਼ਾਹਰੇ ਵਿੱਚ ਵੀ ਵੱਡੀ ਸ਼ਮੂਲੀਅਤ ਕਰਵਾਈ ਜਾਵੇਗੀ। ਇਸ ਸਬੰਧੀ ਅੱਜ ਦੀ ਮੀਟਿੰਗ ਵਿੱਚ ਸਾਰੇ ਸੂਬਾਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਹਰਮੇਸ਼ ਸਿੰਘ ਢੇਸੀ,ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਸਤਬੀਰ ਸਿੰਘ ਸੁਲਤਾਨੀ, ਭੁਪਿੰਦਰ ਸਿੰਘ ਵੜੈਚ, ਸੰਤੋਖ ਸਿੰਘ ਸੰਧੂ, ਬਲਵਿੰਦਰ ਸਿੰਘ ਭੁੱਲਰ, ਚਮਕੌਰ ਸਿੰਘ ਰੋਡੇ, ਤਰਸੇਮ ਸਿੰਘ ਬੰਨੇਮੱਲ, ਰੇਸ਼ਮ ਸਿੰਘ ਮਿੱਡਾ, ਨਛੱਤਰ ਸਿੰਘ, ਭੁਪਿੰਦਰ ਸਿੰਘ ਲੌਂਗੋਵਾਲ, ਡਾ ਸੁਖਚੈਨ ਸਿੰਘ ਅਤੇ ਸੁਖਦੇਵ ਸਿੰਘ ਸਹਿੰਸਰਾ ਸ਼ਾਮਲ ਸਨ।

Leave a Reply

Your email address will not be published. Required fields are marked *