ਪੰਜਾਬ-ਹਿਮਾਚਲ ਸਰਹੱਦ ’ਤੇ ਐਂਟਰੀ ਟੈਕਸਾਂ ਵਿਰੁਧ ਪ੍ਰਦਰਸ਼ਨ

0

55 ਪੁਆਇੰਟਾਂ ’ਤੇ ਲੱਗੇ ਧਰਨੇ, ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਸ੍ਰੀ ਕੀਰਤਪੁਰ ਸਾਹਿਬ, 1 ਜੂਨ (ਨਿਊਜ਼ ਟਾਊਨ ਨੈਟਵਰਕ) : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਅੱਜ ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਗਰਾਂ ਮੋੜਾ ਟੋਲ ਪਲਾਜ਼ਾ ਵਿਖੇ ਕਿਰਤੀ ਕਿਸਾਨ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਕਾਰਨ ਹਿਮਾਚਲ ਨੂੰ ਜਾਣ ਅਤੇ ਉੱਥੋਂ ਆਉਣ ਵਾਲੀ ਆਵਾਜਾਈ ਕਰੀਬ ਚਾਰ ਘੰਟੇ ਪ੍ਰਭਾਵਿਤ ਰਹੀ। ਧਰਨੇ ਦੀ ਸ਼ੁਰੂਆਤ ਸਵੇਰੇ 11 ਵਜੇ ਕੀਤੀ ਗਈ। ਪਹਿਲਾਂ ਹਿਮਾਚਲ ਤੋਂ ਆਉਣ ਵਾਲੇ ਵਾਹਨ ਰੋਕੇ ਗਏ ਪਰ ਬਾਅਦ ਵਿੱਚ ਹਿਮਾਚਲ ਪ੍ਰਸ਼ਾਸਨ ਵੱਲੋਂ ਵਾਹਨਾਂ ਨੂੰ ਬਦਲਵੇਂ ਰੂਟਾਂ ’ਤੇ ਭੇਜੇ ਜਾਣ ਕਾਰਨ ਹਿਮਾਚਲ ਵੱਲ ਜਾਣ ਵਾਲੀ ਆਵਾਜਾਈ ਵੀ ਰੋਕ ਦਿੱਤੀ ਗਈ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਗਰਮੀਆਂ ਦੀਆਂ ਛੁੱਟੀਆਂ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਵੱਲ ਜਾ ਰਹੇ ਸਨ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੌਮੀ ਹਾਈਵੇ ’ਤੇ ਕਿਸੇ ਵੀ ਸੂਬੇ ਵੱਲੋਂ ਐਂਟਰੀ ਟੈਕਸ ਵਸੂਲਣਾ ਜਾਇਜ਼ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਬਰਾਬਰ ਟੈਕਸ ਲਗਾਉਣ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਗਰਾਂ ਮੋੜਾ ਨੇੜੇ ਐਂਟਰੀ ਟੈਕਸ ਪਹਿਲਾਂ 30 ਰੁਪਏ ਸੀ, ਜਿਸ ਨੂੰ ਵਧਾ ਕੇ 70 ਅਤੇ ਬਾਅਦ ਵਿੱਚ 170 ਰੁਪਏ ਕੀਤਾ ਗਿਆ। ਵਿਰੋਧ ਤੋਂ ਬਾਅਦ ਹੁਣ ਇਸ ਨੂੰ ਘਟਾ ਕੇ 100 ਰੁਪਏ ਕੀਤਾ ਗਿਆ ਹੈ। ਧਰਨਾਕਾਰੀਆਂ ਨੇ ਐਂਬੂਲੈਂਸਾਂ, ਇਲਾਜ ਲਈ ਜਾ ਰਹੇ ਮਰੀਜ਼ਾਂ, ਸਕੂਲੀ ਵਾਹਨਾਂ ਅਤੇ ਫ਼ੌਜੀ ਜਵਾਨਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ। ਦੁਪਹਿਰ ਕਰੀਬ ਢਾਈ ਵਜੇ ਜਾਮ ਖੋਲ੍ਹ ਦਿੱਤਾ ਗਿਆ। ਇਸ ਮੌਕੇ ਗੌਰਵ ਰਾਣਾ, ਹਰਪ੍ਰੀਤ ਸਿੰਘ ਭੱਟੋ, ਸੇਠੀ ਸ਼ਰਮਾ, ਵੀਰ ਸਿੰਘ ਬੜਵਾ, ਬਾਬਾ ਅੱਛਰ ਸਿੰਘ ਮਹਾਕਾਲ, ਸੁਖਵਿੰਦਰ ਸਿੰਘ ਤਰਨਾ ਦਲ, ਦਲਜੀਤ ਸਿੰਘ ਰਾਣਾ, ਬਲਜਿੰਦਰ ਸਿੰਘ, ਬਲਬੀਰ ਸਿੰਘ ਭੀਰੀ ਅਤੇ ਸਿਕੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਸਨ। ਧਰਨੇ ਦੌਰਾਨ ਹਿਮਾਚਲ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।

Leave a Reply

Your email address will not be published. Required fields are marked *