ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਦੇਰ ਰਾਤ ਧਮਾਕਾ, ਪਟੜੀ ਦੀ ਮੁਰੰਮਤ ਮਗਰੋਂ ਆਵਾਜਾਈ ਬਹਾਲ

0

ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ ‘ਦਹਿਸ਼ਤਗਰਦ’, ਪਹਿਲਾਂ ਵੀ ਕਈ ਮਾਮਲੇ ਦਰਜ

ਬਨੂੜ/ਸ਼ੰਭੂ, 28 ਅਪ੍ਰੈਲ (ਰਾਜਿੰਦਰ ਸਿੰਘ) : ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਦੇਰ ਰਾਤ ਧਮਾਕੇ ਦੀ ਘਟਨਾ ਸਾਹਮਣੇ ਆਈ ਹੈ। ਇਸ ਧਮਾਕੇ ਕਾਰਨ ਰੇਲਵੇ ਪਟੜੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧਮਾਕਾ ਰਾਤੀਂ ਤਕਰੀਬਨ 10 ਵਜੇ ਦੇ ਕਰੀਬ ਹੋਇਆ। ਧਮਾਕੇ ਦੌਰਾਨ ਨੁਕਸਾਨੀ ਗਈ ਰੇਲਵੇ ਲਾਈਨ ਅੱਜ ਸਵੇਰੇ ਰੇਲਵੇ ਵਿਭਾਗ ਵੱਲੋਂ ਆਵਾਜਾਈ ਲਈ ਬਹਾਲ ਕਰ ਦਿੱਤੀ ਗਈ ਹੈ। ਧਮਾਕੇ ਦੌਰਾਨ ਰੇਲਵੇ ਲਾਈਨ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੌਰਾਨ ਇਨ੍ਹਾਂ ਦੇ ਵਿਚਕਾਰ ਸਥਿਤ ਪੱਥਰ ਦੀ ਸਲੈਬ ਟੁੱਟਣ ਸਮੇਤ ਰੇਲਵੇ ਲਾਈਨ ਵੀ ਟੁੱਟ ਗਈ ਸੀ ਜਿਸ ਮਗਰੋਂ ਰੇਲਵੇ ਵਿਭਾਗ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ, ਹੁਣ ਇਸ ਨੂੰ ਮੁਰੰਮਤ ਮਗਰੋਂ ਬਹਾਲ ਕਰ ਦਿਤਾ ਗਿਆ ਹੈ। ਰੇਲਵੇ ਟਰੈਕ ਤੋਂ ਇੱਕ ਮਨੁੱਖੀ ਧੜ ਦੇ ਕੁਝ ਹਿੱਸੇ ਵੀ ਮਿਲੇ ਹਨ। ਪੁਲਿਸ ਦੇ ਮੁੱਢਲੇ ਅਨੁਮਾਨ ਮੁਤਾਬਕ ਇਕ ਵਿਅਕਤੀ ਧਮਾਕੇਖੇਜ਼ ਸਮੱਗਰੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਅਚਾਨਕ ਫਟ ਗਈ। ਜਾਣਕਾਰੀ ਅਨੁਸਾਰ ਇਸ ਧਮਾਕੇ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਉਰਫ਼ ਜੂਪਾ ਵਜੋਂ ਹੋਈ ਹੈ। ਜਿਸ ਨੂੰ ਦਹਿਸ਼ਤਗਰਦ ਵੀ ਆਖਿਆ ਜਾ ਰਿਹਾ ਹੈ। ਇਸ ਧਮਾਕੇ ਦੌਰਾਨ ਉਸਦਾ ਮੂੰਹ ਸਿਰ ਅਤੇ ਲੱਤਾਂ ਉੱਡ ਗਈਆਂ ਤੇ ਸਿਰਫ ਢਿੱਡ ਤੇ ਛਾਤੀ ਵਾਲਾ ਹਿੱਸਾ ਹੀ ਬਚਿਆ ਹੈ। ਪਰ ਇਸ ਦੌਰਾਨ ਹੀ ਉਸਦਾ ਮੋਬਾਈਲ ਫੋਨ ਟੁੱਟਣੋ ਬਚ ਗਿਆ। ਜਿਸ ਤੋਂ ਹੀ ਉਸਦੀ ਸ਼ਨਾਖਤ ਹੋਈ ਦੱਸੀ ਜਾ ਰਹੀ ਹੈ। ਸ਼ੰਭੂ ਰੇਲਵੇ ਲਾਈਨ ’ਤੇ ਰਾਤ ਕੀਤੇ ਗਏ ਬੰਬ ਧਮਾਕੇ ਵਿੱਚ ਸ਼ਾਮਲ ਮੁਲਜ਼ਮ ਪੁਲਿਸ ਵੱਲੋਂ ਟਰੇਸ ਕਰ ਲਏ ਗਏ ਹਨ। ਘਟਨਾ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੇ ਭਰਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਰੇਲਵੇ ਪੁਲੀਸ ਵੱਲੋਂ ਰੇਲਵੇ ਐਕਟ ਦੀ ਧਾਰਾ 150 ਅਤੇ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਕਈ ਪੱਖਾਂ ਤੋਂ ਜਾਂਚ ਜਾਰੀ ਹੈ। ਇਸ ਮਾਮਲੇ ਮਗਰੋਂ ਪਿੰਡ ਪੰਜਵੜ ਦੇ ਲੋਕ ਹੈਰਾਨ ਨਜ਼ਰ ਆਏ। ਹਾਲਾਂਕਿ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਪਿੰਡ ਨੂੰ ਘੇਰਿਆ ਗਿਆ ਹੈ। ਜਗਰੂਪ ਸਿੰਘ ਜੂਪਾ, ਜੋ ਕਿ ਆਟਾ ਚੱਕੀ ਚਲਾਉਂਦਾ ਹੈ, ਦੀ ਉਮਰ ਲਗਭਗ 33 ਸਾਲ ਦੱਸੀ ਜਾ ਰਹੀ ਹੈ। ਤਰਨਤਾਰਨ ਵਿਧਾਨ ਸਭਾ ਉਪ ਚੋਣ ਦੌਰਾਨ ਪੋਸਟਰ ਪਾੜਨ ਦੇ ਮਾਮਲੇ ਵਿੱਚ ਝੱਬਲ ਪੁਲਿਸ ਸਟੇਸ਼ਨ ਵਿੱਚ ਜੂਪਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਇਲਾਵਾ ਜੂਪਾ ਖਿਲਾਫ ਕੋਈ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਮੰਗਲਵਾਰ ਨੂੰ ਜਦੋਂ ਇਹ ਪਤਾ ਲੱਗਾ ਕਿ ਰੇਲਵੇ ਟਰੈਕ ‘ਤੇ ਹੋਏ ਧਮਾਕੇ ਵਿੱਚ ਜੂਪਾ ਦੀ ਮੌਤ ਹੋ ਗਈ ਹੈ, ਤਾਂ ਪਿੰਡ ਵਾਸੀ ਹੈਰਾਨ ਰਹਿ ਗਏ। ਮਿਲੀ ਜਾਣਕਾਰੀ ਮੁਤਾਬਿਕ ਦੋ ਧੀਆਂ ਦਾ ਪਿਤਾ ਜੂਪਾ ਅਕਸਰ ਨਿਹੰਗ ਪਹਿਰਾਵੇ ਵਿੱਚ ਰਹਿੰਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਆਹੁਤਾ ਜਗਰੂਪ ਸਿੰਘ ਦਹਿਸ਼ਤਗਰਦਾਂ ਨਾਲ ਜੁੜ ਜਾਵੇਗਾ। ਦੱਸਣਯੋਗ ਹੈ ਕਿ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਪਿਛਲੇ ਸਾਲ ਪਾਕਿਸਤਾਨ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕਈ ਹੋਰ ਅੱਤਵਾਦੀ ਵੀ ਪੰਜਵੜ ਪਿੰਡ ਦੇ ਹੀ ਰਹਿਣ ਵਾਲੇ ਹਨ। ਪੁਲਿਸ ਜਗਰੂਪ ਸਿੰਘ ਜੂਪਾ ਦੇ ਪਰਿਵਾਰ ਸਬੰਧੀ ਰਿਕਾਰਡ ਦੀ ਜਾਂਚ ਕਰ ਰਹੀ ਹੈ। ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਜੂਪਾ ਦੇ ਪਰਿਵਾਰ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੂਰੀ ਜਾਂਚ ਤੋਂ ਬਾਅਦ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਉਹ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਤਰਨਤਾਰਨ ਪੁਲਿਸ ਨੇ ਰੇਲਵੇ ਲਾਈਨ ਧਮਾਕੇ ਦੇ ਸਬੰਧ ਵਿੱਚ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅੱਤਵਾਦੀ ਸਮੂਹਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਜੂਪਾ ਨੂੰ ਦੋ ਦਿਨ ਪਹਿਲਾਂ ਹੀ ਪਿੰਡ ਵਿੱਚ ਘੁੰਮਦੇ ਦੇਖਿਆ ਗਿਆ ਸੀ। ਤਰਨਤਾਰਨ ਪੁਲਿਸ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ।

Leave a Reply

Your email address will not be published. Required fields are marked *