ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਪੁਤਿਨ ਨਾਲ ਕੀਤੀ ਅਹਿਮ ਮੁਲਾਕਾਤ

0

ਮਿਡਲ ਈਸਟ ਸੰਕਟ ‘ਤੇ ਮੌਜੂਦਾ ਤਣਾਅ ਤੇ ਸੁਰੱਖਿਆ ਸਬੰਧੀ ਚਿੰਤਾਵਾਂ ‘ਤੇ ਕੀਤੀ ਚਰਚਾ

ਮਾਸਕੋ, 27 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਸੋਮਵਾਰ ਨੂੰ ਰੂਸ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉੱਚ ਪੱਧਰੀ ਗੱਲਬਾਤ ਕੀਤੀ। ਪਾਕਿਸਤਾਨ ਅਤੇ ਓਮਾਨ ਦੇ ਦੌਰੇ ਤੋਂ ਬਾਅਦ ਮਾਸਕੋ ਪਹੁੰਚੇ ਅਰਾਗਚੀ ਨੇ ਕਿਹਾ ਕਿ ਇਹ ਦੌਰਾ ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਰੂਸ ਨਾਲ ਤਾਲਮੇਲ ਮਜ਼ਬੂਤ ਕਰਨ ਲਈ ਮਹੱਤਵਪੂਰਨ ਹੈ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਟੱਸ ਮੁਤਾਬਕ ਇਹ ਮੁਲਾਕਾਤ ਸੇਂਟ ਪੀਟਰਸਬਰਗ ਵਿੱਚ ਹੋਈ। ਮਿਡਲ ਈਸਟ ਵਿੱਚ ਵਧ ਰਹੇ ਤਣਾਅ ਅਤੇ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਦਰਮਿਆਨ ਦੋਵਾਂ ਨੇਤਾਵਾਂ ਨੇ ਖੇਤਰੀ ਸਥਿਤੀ ‘ਤੇ ਵਿਚਾਰ-ਵਟਾਂਦਰਾ ਕੀਤਾ। ਰਾਸ਼ਟਰਪਤੀ ਪੁਤਿਨ ਨੇ ਇਰਾਨੀ ਲੋਕਾਂ ਦੀ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਕੀਤੀ ਜਾ ਰਹੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਰੂਸ ਖੇਤਰ ਵਿੱਚ ਸਥਿਰਤਾ ਅਤੇ ਅਮਨ ਕਾਇਮ ਕਰਨ ਲਈ ਹਰ ਸੰਭਵ ਯਤਨ ਕਰੇਗਾ। ਵਿਸ਼ਲੇਸ਼ਕ ਇਸ ਦੌਰੇ ਨੂੰ ਰੂਸ ਅਤੇ ਇਰਾਨ ਵਿਚਕਾਰ ਵਧਦੀ ਰਣਨੀਤਿਕ ਨੇੜਤਾ ਦੇ ਤੌਰ ‘ਤੇ ਦੇਖ ਰਹੇ ਹਨ। ਇਸ ਦੌਰਾਨ ਇਰਾਨ ਨੇ ਅਮਰੀਕਾ ਨੂੰ ਇੱਕ ਤਿੰਨ-ਪੜਾਅ ਵਾਲਾ ਪ੍ਰਸਤਾਵ ਵੀ ਭੇਜਿਆ ਹੈ, ਜਿਸਦਾ ਉਦੇਸ਼ ਮੌਜੂਦਾ ਤਣਾਅ ਨੂੰ ਘਟਾਉਣਾ ਹੈ। ਇਹ ਪ੍ਰਸਤਾਵ ਪਾਕਿਸਤਾਨੀ ਵਿਚੋਲਿਆਂ ਰਾਹੀਂ ਵਾਸ਼ਿੰਗਟਨ ਤੱਕ ਪਹੁੰਚਾਇਆ ਗਿਆ ਹੈ ਅਤੇ ਇਸ ਵਿੱਚ ਤੁਰੰਤ ਪਰਮਾਣੂ ਮਾਮਲੇ ‘ਤੇ ਗੱਲਬਾਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਯੋਜਨਾ ਦੇ ਪਹਿਲੇ ਪੜਾਅ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਫ਼ੌਜੀ ਕਾਰਵਾਈਆਂ ਰੋਕਣ ਅਤੇ ਇਰਾਨ ਤੇ ਉਸਦੇ ਖੇਤਰੀ ਸਾਥੀਆਂ, ਜਿਵੇਂ ਕਿ ਲੈਬਨਾਨ, ਵਿਰੁੱਧ ਹਮਲੇ ਨਾ ਕਰਨ ਦੀ ਗਾਰੰਟੀ ਦੀ ਮੰਗ ਕੀਤੀ ਗਈ ਹੈ। ਦੂਜੇ ਪੜਾਅ ਵਿੱਚ ਹੋਰਮੁਜ਼ ਜਲ ਮਾਰਗ ਦੀ ਸੁਰੱਖਿਆ ਅਤੇ ਸਥਿਰਤਾ ‘ਤੇ ਧਿਆਨ ਦਿੱਤਾ ਜਾਵੇਗਾ, ਜਿਸ ਲਈ ਓਮਾਨ ਦੇ ਸਹਿਯੋਗ ਨਾਲ ਨਵਾਂ ਸੁਰੱਖਿਆ ਢਾਂਚਾ ਤਿਆਰ ਕੀਤਾ ਜਾ ਸਕਦਾ ਹੈ। ਅੰਤਿਮ ਪੜਾਅ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਦੀ ਗੁੰਜਾਇਸ਼ ਰੱਖੀ ਗਈ ਹੈ, ਪਰ ਇਹ ਤਦ ਹੀ ਸੰਭਵ ਹੋਵੇਗੀ ਜਦੋਂ ਖੇਤਰੀ ਤਣਾਅ ਘਟਣ ਅਤੇ ਸਮੁੰਦਰੀ ਸੁਰੱਖਿਆ ਵਿੱਚ ਢੁੱਕਵੀਂ ਤਰੱਕੀ ਹੋਵੇਗੀ।

Leave a Reply

Your email address will not be published. Required fields are marked *