ਅਕਾਲ ਯੂਨੀਵਰਸਿਟੀ ਵਿਖੇ “ਟਿਕਾਊ ਭਵਿੱਖ ਲਈ ਅਗਲੀ ਪੀੜ੍ਹੀ ਦੇ ਪਦਾਰਥਾਂ” ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਸੰਪੰਨ



ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)– ਅਕਾਲ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵੱਲੋਂ “ਨੈਕਸਟ-ਜਨਰੇਸ਼ਨ ਮਟੀਰੀਅਲਜ਼ ਫਾਰ ਸਸਟੇਨੇਬਲ ਫਿਊਚਰ-2026 ਵਿਸ਼ੇ ’ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਵਿਗਿਆਨੀਆਂ, ਖੋਜਕਰਤਾਵਾਂ, ਉਦਯੋਗਿਕ ਮਾਹਿਰਾਂ ਅਤੇ ਨੌਜਵਾਨ ਵਿਦਵਾਨਾਂ ਨੂੰ ਇੱਕ ਸਾਂਝਾ ਮੰਚ ਮੁਹੱਈਆ ਕਰਵਾਉਣਾ ਸੀ, ਤਾਂ ਜੋ ਮਟੀਰੀਅਲ ਸਾਇੰਸ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਟਿਕਾਊ ਭਵਿੱਖ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਕਾਨਫਰੰਸ ਨੂੰ ਦੇਸ਼-ਵਿਦੇਸ਼ ਤੋਂ ਭਰਵਾਂ ਹੁੰਗਾਰਾ ਮਿਲਿਆ। ਇਸ ਵਿੱਚ 11 ਦੇਸ਼ਾਂ ਅਤੇ ਭਾਰਤ ਦੇ 20 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 250 ਤੋਂ ਵੱਧ ਸੰਸਥਾਵਾਂ ਨਾਲ ਸੰਬੰਧਿਤ 300 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਕਾਨਫਰੰਸ ਹਾਈਬ੍ਰਿਡ ਮੋਡ ਰਾਹੀਂ ਕਰਵਾਈ ਗਈ, ਜਿਸ ਵਿੱਚ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਸ਼ਮੂਲੀਅਤ ਹੋਈ। ਕਾਨਫਰੰਸ ਦੌਰਾਨ ਊਰਜਾ ਪਦਾਰਥ, ਇਲੈਕਟ੍ਰਾਨਿਕ, ਫੋਟੋਨਿਕ ਅਤੇ ਮੈਗਨੈਟਿਕ ਮਟੀਰੀਅਲ, ਨੈਨੋ-ਮਟੀਰੀਅਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਮਟੀਰੀਅਲ ਸਾਇੰਸ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਗੁਰਮੇਲ ਸਿੰਘ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਖੋਜ, ਨਵੀਨਤਾ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਕਾਨਫਰੰਸ ਦੌਰਾਨ ਕਈ ਪ੍ਰਸਿੱਧ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਵਿੱਚ ਪ੍ਰੋ. ਐਸ. ਕੇ. ਤ੍ਰਿਪਾਠੀ, ਪ੍ਰੋ. ਆਰ. ਕੇ. ਕੋਟਨਾਲਾ, ਪ੍ਰੋ. ਰਵਿੰਦਰ ਪਾਂਡੇ, ਪ੍ਰੋ. ਪੀ. ਕੇ. ਅਹਲੂਵਾਲੀਆ, ਪ੍ਰੋ. ਅਨਿਰਬਾਨ ਚੱਕਰਵਰਤੀ, ਪ੍ਰੋ. ਰੰਜਨ ਕੁਮਾਰ ਅਤੇ ਪ੍ਰੋ. ਆਰ. ਕੇ. ਮੌਦਗਿਲ ਦੇ ਨਾਮ ਸ਼ਾਮਲ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਵਿਸ਼ੇਸ਼ ਲੈਕਚਰ ਦਿੱਤੇ ਗਏ। ਇਸ ਤੋਂ ਇਲਾਵਾ ਕਰੀਬ 40 ਹੋਰ ਨਾਮਵਰ ਸੰਸਥਾਵਾਂ ਦੇ ਮਾਹਿਰਾਂ ਨੇ ਇਨਵਾਈਟਿਡ ਟਾਕਸ ਰਾਹੀਂ ਨੌਜਵਾਨ ਖੋਜਾਰਥੀਆਂ ਨੂੰ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਅੰਤਰਰਾਸ਼ਟਰੀ ਕਾਨਫਰੰਸ ਨੂੰ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ, ਸੀਐੱਸਆਈਆਰ ਅਤੇ ਬੋਰਡ ਆਫ ਰਿਸਰਚ ਇਨ ਨਿਊਕਲੀਅਰ ਸਾਇੰਸਜ਼ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ। ਪ੍ਰਬੰਧਕੀ ਕਮੇਟੀ ਨੇ ਮਾਣਯੋਗ ਵਾਈਸ-ਚਾਂਸਲਰ, ਸਹਿਯੋਗੀ ਸੰਸਥਾਵਾਂ, ਤਕਨੀਕੀ ਟੀਮ ਅਤੇ ਵਲੰਟੀਅਰਾਂ ਦਾ ਧੰਨਵਾਦ ਪ੍ਰਗਟਾਇਆ। ਕਾਨਫਰੰਸ ਦੀ ਸਮਾਪਤੀ ਇਸ ਆਸ ਨਾਲ ਹੋਈ ਕਿ ਇੱਥੇ ਸ਼ੁਰੂ ਹੋਏ ਵਿਗਿਆਨਕ ਸਹਿਯੋਗ ਅਤੇ ਵਿਚਾਰ-ਵਟਾਂਦਰੇ ਭਵਿੱਖ ਵਿੱਚ ਟਿਕਾਊ ਤਕਨੀਕਾਂ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਸਾਬਤ ਹੋਣਗੇ।
