ਬਠਿੰਡੇ ਦਾ ਬੱਸ ਅੱਡਾ ਚੋਰੀ ਛਿੱਪੇ ਮਲੋਟ ਰੋਡ ਤੇ ਲਿਜਾਣ ਦਾ ਅਮਲ ਬੰਦ ਕਰੇ ਸਰਕਾਰ : ਮਜ਼ਦੂਰ ਯੂਨੀਅਨ

ਭਗਤਾ ਭਾਈਕਾ 1 ਜੂਨ ( ਰਾਜਿੰਦਰਪਾਲ ਸ਼ਰਮਾ ) ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦਾ ਮੌਜੂਦਾ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦੇ ਮਾਮਲੇ ਦਾ ਵਿਵਾਦ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਲੋਕ ਇਸ ਬੱਸ ਅੱਡੇ ਨੂੰ ਸ਼ਿਫਟ ਕਰਨ ਦਾ ਵਿਰੋਧ ਕਰ ਰਹੇ ਹਨ। ਇਸ ਲੜੀ ਤਹਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਇਸ ਨੂੰ ਸ਼ਹਿਰ ਤੋਂ ਸੱਤ ਕਿਲੋਮੀਟਰ ਦੂਰ ਮਲੋਟ ਰੋਡ ਤੇ ਲਿਜਾਣ ਦੇ ਅਮਲ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਲੋਕ ਹਿੱਤਾਂ ਦੇ ਉਲਟ ਕੋਈ ਫੈਸਲਾ ਲੈ ਕੇ ਅੱਗੇ ਵਧਣ ਤੋਂ ਗੁਰੇਜ਼ ਕਰੇ l ਇਸ ਮੌਕੇ ਕੇਪੀਐਮਯੂ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀਵਾਲਾ ਤੇ ਹਰਬੰਸ ਸਿੰਘ ਹਮੀਰਗੜ੍ਹ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਇਹ ਮਿਲੀ ਜਾਣਕਾਰੀ ਮਿਲੀ ਹੈ ਕਿ ਬੀਤੇ ਦਿਨੀਂ ਦਿੱਲੀ ਤੋਂ ਇੱਕ ਕੰਸਟਰਕਸ਼ਨ ਕੰਪਨੀ ਮਲੋਟ ਰੋਡ (ਬਠਿੰਡਾ) ਵਿਖ਼ੇ ਨਵਾਂ ਬੱਸ ਅੱਡਾ ਉਸਾਰਨ ਲਈ 10 ਏਕੜ ਜਗ੍ਹਾ ਵੇਖ ਕੇ ਗਈ ਹੈ l ਜੋ ਬਹੁਤ ਫਿਕਰਮੰਦੀ ਦੀ ਗੱਲ ਹੈ,ਜੇ ਸਰਕਾਰ ਵੱਲੋਂ ਹਰੀ ਝੰਡੀ ਉਪਰੋਂ ਹੈ ਤਾਂ ਹੀ ਤਾਂ ਕੰਸਟਰਕਸ਼ਨ ਕੰਪਨੀ ਦਿੱਲੀ ਤੋਂ ਆਈ ਤੇ ਜ਼ਮੀਨ ਵੇਖ ਕੇ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਰਵਈਏ ਨਾਲ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਚ ਬੇਹੱਦ ਨਿਰਾਸ਼ਾ,ਰੋਹ ਤੇ ਗੁੱਸਾ ਪਾਇਆ ਜਾ ਰਿਹਾ ਹੈ l ਮਜ਼ਦੂਰ ਆਗੂਆਂ ਨੇ ਕਿਹਾ ਕਿ ਮੌਜੂਦਾ ਬੱਸ ਅੱਡਾ 14 ਏਕੜ ਜਮੀਨ ‘ਚ ਬਹੁਤ ਹੀ ਢੁਕਵੀਂ ਥਾਂ ਤੇ ਹੈ,ਜਿੱਥੋਂ ਸਾਰੇ ਕਾਲਜ,ਹਸਪਤਾਲ ਸਕੂਲ,ਕਚਹਿਰੀਆਂ,ਜਿਲਾ ਪ੍ਰਬੰਧਕੀ ਦਫਤਰ,ਤਹਿਸੀਲ,ਡਾਕਖਾਨਾ,ਪਾਸਪੋਰਟ ਦਫਤਰ,ਰੇਲਵੇ ਸਟੇਸ਼ਨ,ਬਾਜ਼ਾਰ ਆਦਿ ਨੇੜੇ ਹੀ ਪੈਂਦੇ ਹਨ l ਉਨ੍ਹਾਂ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਟਰੈਫਿਕ ਸਮੱਸਿਆ ਹੱਲ ਕਰਨ ਜਾਂ ਸ਼ਹਿਰ ਦਾ ਵਿਕਾਸ ਕਰਨ ਦੇ ਬਹਾਨੇ ਬੱਸ ਅੱਡਾ ਸ਼ਹਿਰ ਤੋਂ ਦੂਰ ਦੁਰਾਡੇ ਸ਼ਿਫਟ ਕਰਨਾ ਲੋਕਾਂ ਨਾਲ ਬੇਇਨਸਾਫੀ ਹੋਏਗੀ ਉਹਨਾਂ ਤੇ ਆਰਥਿਕ ਬੋਝ ਵਧੇਗਾ l ਉਨ੍ਹਾਂ ਕਿਹਾ ਕਿ ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ,ਜਿਲ੍ਹੇ ਦੇ ਵਿਧਾਇਕਾਂ ਅਤੇ ਨਗਰ ਨਿਗਮ ਦੇ ਤਿੰਨ ਦਰਜਨ ਦੇ ਕਰੀਬ ਕੌਂਸਲਰਾਂ ਨੇ ਮਤੇ ਪਾ ਕੇ ਸਰਕਾਰ ਨੂੰ ਬੱਸ ਅੱਡਾ ਸ਼ਿਫਟ ਨਾ ਕਰਨ ਦੀ ਬੇਨਤੀ ਵੀ ਕੀਤੀ ਹੋਈ ਹੈ। ਲੁਧਿਆਣਾ,ਜਲੰਧਰ,ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਦੇ ਬੱਸ ਅੱਡੇ ਤਾਂ ਸ਼ਿਫਟ ਨਹੀਂ ਕੀਤੇ ਗਏ ਤਾਂ ਫਿਰ ਬਠਿੰਡੇ ਨਾਲ ਇਹ ਅਨਿਆਂ ਕਿਉਂ ਕੀਤਾ ਜਾ ਰਿਹਾ l ਲੋਕਾਂ ਦੀ ਰਾਇ ਲੈ ਕੇ ਹੀ ਫੈਸਲਾ ਕਰਨ ਬਾਰੇ ਸਰਕਾਰ ਨੇ ਵਾਇਦਾ ਕੀਤਾ ਸੀ ਪਰ ਹੁਣ ਇਹ ਵਾਇਦਾ ਖਿਲਾਫੀ ਕੀਤੀ ਜਾ ਰਹੀ ਹੈ l ਬੱਸ ਅੱਡਾ ਸ਼ਿਫਟ ਕਰਨ ਦਾ ਫੈਸਲਾ ਵਾਪਸ ਲੈਣਾ ਬਣਦਾ ਹੈ l ਮਜ਼ਦੂਰ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਲੋਕ ਆਪਣੀ ਮੰਗ ਮਨਾਉਣ ਲਈ ਸਰਕਾਰ ਤੇ ਦਬਾਅ ਬਣਾਉਣ।
