*ਕੌਣ ਬਣੇਗਾ ਪੰਜਾਬ ਦਾ ਵਾਰਸ? ਲੋਕਾਂ ਦੇ ਮਨਾਂ ਵਿੱਚ ਵੱਡੇ ਸਵਾਲ,ਮਸਲੇ ਜਿਉਂ ਦੇ ਤਿਉਂ,ਲੀਡਰਾਂ ਦੇ ਇੱਕ ਦੂਜੇ ਉਪਰ ਨਿੱਜੀ ਹਮਲੇ ਜਾਰੀ*

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਪੰਜਾਬ ਦੀ ਸਿਆਸਤ ਇਸ ਵੇਲੇ ਇੱਕ ਅਜਿਹੇ ਮੋੜ ‘ਤੇ ਖੜ੍ਹੀ ਹੈ ਜਿੱਥੇ ਜਨਤਾ ਦੇ ਅਸਲ ਮੁੱਦੇ ਹਾਸ਼ੀਏ ‘ਤੇ ਧੱਕ ਦਿੱਤੇ ਗਏ ਹਨ ਅਤੇ ਸਿਆਸੀ ਪਾਰਟੀਆਂ ਸਿਰਫ਼ ਦੂਸ਼ਣਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਡਗਮਗਾਉਂਦੀ ਸਥਿਤੀ, ਬੇਰੁਜ਼ਗਾਰੀ ਦਾ ਡੰਗ ਸਹਿ ਰਹੀ ਜਵਾਨੀ ਅਤੇ ਫ਼ਸਲਾਂ ‘ਤੇ ਐਮ.ਐਸ.ਪੀ.ਦੀ ਗਾਰੰਟੀ ਵਰਗੇ ਗੰਭੀਰ ਮਸਲੇ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ। ਪਰ ਦੂਜੇ ਪਾਸੇ,ਸਰਕਾਰ ਅਤੇ ਵਿਰੋਧੀ ਲੀਡਰ ਜਨਤਕ ਮੰਚਾਂ ‘ਤੇ ਇੱਕ-ਦੂਜੇ ਉੱਪਰ ਤਿੱਖੇ ਨਿੱਜੀ ਹਮਲੇ ਕਰਨ ਵਿੱਚ ਮਸ਼ਗੂਲ ਹਨ।ਇਸ ਗੰਧਲੇ ਹੋ ਰਹੇ ਸਿਆਸੀ ਮਾਹੌਲ ਦਰਮਿਆਨ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇੱਕੋ ਵੱਡਾ ਸਵਾਲ ਗੂੰਜ ਰਿਹਾ ਹੈਕਿ “ਆਖਰ ਕੌਣ ਬਣੇਗਾ ਪੰਜਾਬ ਦਾ ਸੱਚਾ ਵਾਰਸ?”ਜਨਤਾ ਦੇ ਦਰਦ ਵੱਲ ਕਿਸੇ ਦਾ ਧਿਆਨ ਨਹੀਂ ਸੂਬੇ ਵਿੱਚ ਦਿਨ-ਦਿਹਾੜੇ ਹੋ ਰਹੀਆਂ ਵਾਰਦਾਤਾਂ ਅਤੇ ਗੈਂਗਸਟਰਵਾਦ ਨੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਸਰਕਾਰ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ,ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।ਪੰਜਾਬ ਦਾ ਪੜ੍ਹਿਆ-ਲਿਖਿਆ ਨੌਜਵਾਨ ਅੱਜ ਵੀ ਰੁਜ਼ਗਾਰ ਲਈ ਸੜਕਾਂ ‘ਤੇ ਲਾਠੀਆਂ ਖਾ ਰਿਹਾ ਹੈ ਜਾਂ ਫਿਰ ਲੱਖਾਂ ਰੁਪਏ ਕਰਜ਼ੇ ਚੁੱਕ ਕੇ ਵਿਦੇਸ਼ਾਂ ਵੱਲ ਕੂਚ (ਡੋਂਕੀ ਅਤੇ ਹੋਰ ਰਸਤਿਆਂ ਰਾਹੀਂ) ਕਰਨ ਲਈ ਮਜਬੂਰ ਹੈ।ਹਰ ਚੋਣਾਂ ਵਿੱਚ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ, ਪਰ ਸੀਜ਼ਨ ਆਉਂਦਿਆਂ ਹੀ ਕਿਸਾਨ ਮੰਡੀਆਂ ਵਿੱਚ ਰੁਲਣ ਅਤੇ ਸੜਕਾਂ ‘ਤੇ ਧਰਨੇ ਦੇਣ ਲਈ ਬੇਵੱਸ ਹੋ ਜਾਂਦਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਭਖਦੇ ਮਸਲਿਆਂ ‘ਤੇ ਵਿਧਾਨ ਸਭਾ ਜਾਂ ਜਨਤਕ ਰੈਲੀਆਂ ਵਿੱਚ ਕੋਈ ਸਾਰਥਕ ਬਹਿਸ ਨਹੀਂ ਹੋ ਰਹੀ। ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਵੱਡੇ ਚਿਹਰੇ ਇੱਕ-ਦੂਜੇ ਦੇ ਪਰਿਵਾਰਾਂ, ਨਿੱਜੀ ਜ਼ਿੰਦਗੀ ਅਤੇ ਅਤੀਤ ਨੂੰ ਲੈ ਕੇ ਚਿੱਕੜ ਉਛਾਲ ਰਹੇ ਹਨ। ਸਿਆਸਤ ਦਾ ਪੱਧਰ ਇੰਨਾ ਗਿਰ ਚੁੱਕਾ ਹੈ ਕਿ ਜਨਤਕ ਹਿੱਤਾਂ ਦੀ ਗੱਲ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ ਅਤੇ ਅਸਲ ਲੜਾਈ ਸਿਰਫ਼ ‘ਕੁਰਸੀ ਦੀ ਜੰਗ’ ਬਣ ਕੇ ਰਹਿ ਗਈ ਹੈ।”ਪੰਜਾਬ ਦੇ ਸੂਝਵਾਨ ਵੋਟਰ ਹੁਣ ਇਸ ਸਿਆਸੀ ਸਰਕਸ ਤੋਂ ਅੱਕ ਚੁੱਕੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਕੀ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਵਾਲਾ ਕੋਈ ਗੰਭੀਰ ਲੀਡਰ ਮਿਲੇਗਾ ਜਾਂ ਫਿਰ ਇਹ ਸੂਬਾ ਸਿਰਫ਼ ਸਿਆਸੀ ਤਜਰਬਿਆਂ ਦੀ ਲੈਬਾਰਟਰੀ ਬਣਿਆ ਰਹੇਗਾ?”ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਪੰਜਾਬ ਦੇ ਬੁਨਿਆਦੀ ਮਸਲੇ ਅੱਜ ਵੀ ਉੱਥੇ ਹੀ ਖੜ੍ਹੇ ਹਨ ਜਿੱਥੇ ਦਹਾਕੇ ਪਹਿਲਾਂ ਸਨ।ਲੀਡਰਾਂ ਦੇ ਨਿੱਜੀ ਹਮਲੇ ਸ਼ਾਇਦ ਉਨ੍ਹਾਂ ਦੀਆਂ ਪਾਰਟੀਆਂ ਨੂੰ ਸੁਰਖੀਆਂ ਦਿਵਾ ਸਕਦੇ ਹਨ, ਪਰ ਪੰਜਾਬ ਦੇ ਭਵਿੱਖ ਨੂੰ ਨਹੀਂ ਬਚਾ ਸਕਦੇ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੇ ਮਨਾਂ ਵਿੱਚ ਉੱਠ ਰਹੇ ਇਸ ਵੱਡੇ ਸਵਾਲ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਕੌਣ ਅਤੇ ਕਿਵੇਂ ਦਿੰਦਾ ਹੈ।
