ਸੀਟੂ ਨੇ ਪ੍ਰਧਾਨ ਮੰਤਰੀ ਦੇ ਲੋਕਾਂ ਨੂੰ ਖ਼ਰਚੇ ਘਟਾਉਣ ਦੇ ਉਪਦੇਸ਼ ਦੀ ਕੀਤੀ ਸਖ਼ਤ ਨਿਖੇਧੀ -ਚੰਦਰ ਸ਼ੇਖਰ

ਲੋਕਾਂ ਤੋਂ ਕੁਰਬਾਨੀ ਮੰਗਣ ਦੀ ਬਜਾਏ ਮੋਦੀ ਅਪਣੀ ਜਿੰਮੇਵਾਰੀ ਨਿਭਾਉਣ – ਊਸ਼ਾ ਰਾਣੀ
ਮਾਛੀਵਾੜਾ ਸਾਹਿਬ – 14 ਮਈ ( ਕੇਵਲ ਸਿੰਘ ਕੱਦੋਂ ) ਸੀਟੂ ਦੀ ਰਾਜ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਨੂੰ ਖਰਚ ਘਟਾਉਣ ਦੀਆਂ ਦਿੱਤੀਆਂ ਗਈਆਂ ਨਸੀਹਤਾਂ ਨੂੰ ਉਸ ਦਾ ਦੋਗਲਾਪਣ ਅਤੇ ਅਮਰੀਕਾ – ਇਜ਼ਰਾਈਲ ਪਰਸਤ ਨੀਤੀਆਂ ਦਾ ਪਿਛਲੱਗ ਬਣ ਜਾਣ ਕਾਰਣ ਸਖ਼ਤ ਨਿੰਦਾ ਕੀਤੀ ਹੈ। ਸੀਟੂ ਇਸ ਪੱਕੀ ਰਾਏ ਦੀ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਇਰਾਨ ਵਿਰੁੱਧ ਕੀਤੇ ਗੈਰ – ਕਾਨੂੰਨੀ ਯੁੱਧ ਕਾਰਨ ਅੱਜ ਭਾਰਤ ਨੂੰ ਵੀ ਸਰਵਪੱਖੀ ਤੇਲ – ਗੈਸ ਦੀ ਘਾਟ , ਆਰਥਿਕ ਮੰਦਹਾਲੀ , ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲਣੀ ਪੈ ਰਹੀ ਹੈ।ਇਸ ਦੀ ਜ਼ਿੰਮੇਵਾਰ ਮੋਦੀ ਸਰਕਾਰ ਦੀਆਂ ਨੀਤੀਆਂ ਹਨ, ਨਾਂ ਕਿ ਦੇਸ਼ ਦੇ ਲੋਕ।
ਸੀਟੂ ਦੀ ਰਾਜ ਕਮੇਟੀ ਦੇ ਪ੍ਰਮੁੱਖ ਆਗੂਆਂ ਆਲ ਇੰਡੀਆ ਸੀਟੂ ਦੇ ਕੌਮੀ ਸਕੱਤਰ ਕਾਮਰੇਡ ਊਸ਼ਾ ਰਾਣੀ, ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਚੰਦਰ ਸ਼ੇਖਰ ਜਨਰਲ ਸਕੱਤਰ ਮਹਾਂ ਸਿੰਘ ਰੌੜੀ, ਸੂਬਾਈ ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਵਿੱਤ ਸਕੱਤਰ ਸੁਖਮਿੰਦਰ ਸਿੰਘ ਲੋਟੇ, ਸੂਬਾ ਸਕੱਤਰ ਅਮਰਨਾਥ ਕੂੰਮਕਲਾਂ ਸੂਬਾਈ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਦੋਸ਼ ਲਗਾਇਆ ਕਿ ਜੇਕਰ ਮੋਦੀ ਸਰਕਾਰ ਨੇ 28 ਫਰਵਰੀ ਤੋਂ ਪਹਿਲਾਂ ਹੀ ਇਰਾਨ ਦੇ ਹੱਕ ਵਿੱਚ ਡੱਟਵਾਂ ਸਟੈਂਡ ਲਿਆ ਹੁੰਦਾ ,ਗ਼ਰੀਬ ਦੇਸ਼ਾਂ ਦੀ ਜੰਗ ਵਿਰੁੱਧ ਲਾਮਬੰਦੀ ਲਈ ਅਪਣੀ ਭੂਮਿਕਾ ਨਿਭਾਈ ਹੁੰਦੀ ਅਤੇ ਬਦਲਵੇਂ ਇੰਤਜ਼ਾਮ ਕੀਤੇ ਹੁੰਦੇ ਤਾਂ ਵਿਪਦਾ ਦਾ ਭਾਰ ਲੋਕਾਂ ਉੱਤੇ ਪਾਉਣ ਦੀਆਂ ਚਾਲਾਂ – ਚੱਲਣ ਦੀ ਲੋੜ ਹੀ ਨਾ ਪੈਂਦੀ । ਸੀਟੂ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਸਰਕਾਰ ਨੇ ਪੈਦਾ ਹੋ ਰਹੀਆਂ ਗੰਭੀਰ ਹਾਲਤਾਂ ਦਾ ਮੁਕਾਬਲਾ ਕਰਨਾ ਸੀ ਉਦੋਂ ਤਾਂ ਕੇਂਦਰ ਸਰਕਾਰ ਲੋਕਾਂ ਨੂੰ ” ਸੱਭ ਚੰਗਾ ਹੈ, ਚਿੰਤਾ ਦੀ ਕੋਈ ਗੱਲ ਨਹੀਂ ” ਕਹਿ ਕੇ ਅਵੇਸਲੇ ਬਣਾਉਂਦੀ ਰਹੀ । ਮੋਦੀ ਸਾਹਿਬ ਅਤੇ ਉਸ ਦੀ ਪਾਰਟੀ 5 ਰਾਜਾਂ ਦੀਆਂ ਚੋਣਾਂ ਲਈ ਅੰਨੇਵਾਹ ਅਰਬਾਂ ਰੁਪਏ ਖਰਚਦੀ ਰਹੀ । 4 ਮਈ ਨੂੰ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਉਹ ਲੋਕਾਂ ਉੱਤੇ ਨਵੇਂ ਭਾਰ ਪਾਉਣ ਅਤੇ ਪਾਬੰਦੀਆਂ ਲਗਾਉਣ ਲਈ ਅੱਗੇ ਵਧ ਰਹੀ ਹੈ। ਸੀਟੂ ਵੱਲੋਂ ਆਮ ਕਿਰਤੀਆਂ ਸਾਹਮਣੇ, ਇਹਨਾਂ ਲੋਕ ਵਿਰੋਧੀ ਸਾਜ਼ਿਸ਼ਾਂ ਨੂੰ ਨੰਗਾ ਕੀਤਾ ਜਾਵੇਗਾ, ਉੱਥੇ ਇਹ ਤੱਥ ਵੀ ਉਜਾਗਰ ਕੀਤਾ ਜਾਵੇਗਾ ਕਿ ਮਜ਼ਦੂਰ ਵਿਰੋਧੀ 4 ਲੇਬਰ ਕੋਡ 1 ਅਪ੍ਰੈਲ ਤੋਂ ਲਾਗੂ ਕਰਨ ਲਈ ਮੋਦੀ ਸਰਕਾਰ ਤਿਆਰ ਸੀ ਪ੍ਰੰਤੂ ਉਸ ਨੇ 4 ਮਈ ਦੇ ਚੋਣ ਨਤੀਜਿਆਂ ਦਾ ਇੰਤਜ਼ਾਰ ਕਰਨ ਤੋਂ ਬਾਅਦ 8 ਮਈ ਨੂੰ ਇਸ ਸਬੰਧ ਵਿੱਚ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਅਤੇ ਸਾਫ਼ ਐਲਾਨ ਕੀਤਾ ਹੈ ਕਿ ਨਵਾਂ ਜੀ.ਰਾਮ.ਜੀ.ਕਾਨੂੰਨ ਵੀ ਇੱਕ ਜੁਲਾਈ ਤੋਂ ਇੱਕ ਤਰਫ਼ਾ ਥੋਪ ਦਿੱਤਾ ਜਾਵੇਗਾ। ਸੀਟੂ ਜਿੱਥੇ ਭਾਜਪਾ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਜਾਰੀ ਰੱਖੇਗੀ ਉਨ੍ਹਾਂ ਦੇ ਨਾਲ ਹੀ ਭਾਜਪਾ ਦੀਆਂ ਸਮੁੱਚੀਆਂ ਖਤਰਨਾਕ ਨੀਤੀਆਂ ਨੂੰ ਵੀ ਲੋਕਾਂ ਵਿਚ ਨੰਗਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ।
