ਮੁੱਖ ਮੰਤਰੀ ਤੁਰੰਤ ਦੇਵੇ ਅਸਤੀਫ਼ਾ, ਪੰਜਾਬ ਨੂੰ ਅਨਾੜੀ ਸਰਕਾਰ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ : ਸੁਨੀਲ ਜਾਖੜ

ਚੰਡੀਗੜ੍ਹ, 6 ਮਈ (ਦੁਰਗੇਸ਼ ਗਾਜਰੀ) : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰਾਂ ਨਾਕਾਮ ਦੱਸਦਿਆਂ ਮੁੱਖ ਮੰਤਰੀ ਵੱਲੋਂ ਬੰਬ ਧਮਾਕਿਆਂ ਸਬੰਧੀ ਦਿੱਤੇ ਗੈਰ-ਜਿੰਮੇਵਾਰਾਨਾ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਤੁਰੰਤ ਆਪਣੀ ਨਾਕਾਮੀ ਸਵਿਕਾਰ ਕਰਦਿਆਂ ਅਹੁਦਾ ਛੱਡਣ ਨੂੰ ਕਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਸੁਨੇਹੇ ਵਿਚ ਲਿਖਿਆ ਹੈ, “ਬੀਤੀ ਰਾਤ ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਬੇਹੱਦ ਚਿੰਤਾ ਦਾ ਵਿਸ਼ਾ ਹਨ ਪਰ ਉਸਤੋਂ ਵੀ ਵੱਧ ਚਿੰਤਾਜਨਕ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ। ਪੰਜਾਬ ਦੇ ਡੀਜੀਪੀ ਇਸ ਪਿੱਛੇ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੋਣ ਦੀ ਗੱਲ ਆਖ ਰਹੇ ਹਨ ਪਰ ਮੁੱਖ ਮੰਤਰੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਗੈਰ ਜਿੰਮੇਵਾਰਨਾ ਬਿਆਨ ਦੇ ਰਹੇ ਹਨ। ਇਸ ਪਿੱਛੇ ਮੁੱਖ ਮੰਤਰੀ ਦੀ ਬੌਖਲਾਹਟ ਤੇ ਕੁਰਸੀ ਜਾਣ ਦਾ ਡਰ ਬੋਲ ਰਿਹਾ ਹੈ। ਬਿਹਤਰ ਹੋਵੇਗਾ ਕਿ ਉਹ ਆਪਣੀ ਕੁਰਸੀ ਦਾ ਫਿਕਰ ਛੱਡ ਕੇ ਪੁਲਿਸ ਨੂੰ ਵਿਧਾਇਕਾਂ ਦੇ ਪਿੱਛੇ ਲਗਾਉਣ ਦੀ ਬਜਾਏ ਆਪਣਾ ਕੰਮ ਕਰਨ ਦੇਣ ਅਤੇ ਜੇਕਰ ਵਿਧਾਇਕਾਂ ਨੇ ਜਾਣਾ ਹੋਇਆ ਤਾਂ ਉਨ੍ਹਾਂ ਨੂੰ ਪੁਲਿਸ ਰੋਕ ਨਹੀਂ ਸਕੇਗੀ।” ਭਾਜਪਾ ਪ੍ਰਧਾਨ ਨੇ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਹੋਂਦ ਵਿਚ ਆਈ ਹੈ ਲਗਾਤਾਰ ਪੰਜਾਬ ਵਿਚ ਇਸ ਤਰਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਹੁਣ ਬੀਐਸਐਫ ਅਤੇ ਆਰਮੀ ਦੇ ਟਿਕਾਣਿਆਂ ਦੇ ਨੇੜੇ ਇਸ ਤਰਾਂ ਦੇ ਧਮਾਕੇ ਹੋਣ ਬੇਹੱਤ ਗੰਭੀਰ ਹਨ ਅਤੇ ਇਹ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬੇ ਦੇ ਡੀਜੀਪੀ ਆਖ ਰਹੇ ਹਨ ਕਿ ਇੰਨ੍ਹਾਂ ਧਮਾਕਿਆਂ ਪਿੱਛੇ ਪਾਕਿਸਤਾਨ ਦੀ ਆਈਐਸਆਈ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਹੋਰ ਹੀ ਭਾਸ਼ਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰਾਂ ਦੇ ਬਿਆਨ ਦੇਣ ਤੋਂ ਪਹਿਲਾਂ ਇਕ ਵਾਰ ਇਹ ਜਰੂਰ ਯਾਦ ਕਰਨ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਸੁਪਰੀਮੋ ਪੰਜਾਬ ਦੌਰੇ ਦੌਰਾਨ ਕਿੰਨਾਂ ਵੱਖਵਾਦੀ ਲੋਕਾਂ ਦੇ ਘਰ ਰੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਟੇਟ ਦੀਆਂ ਏਂਜਸੀਆਂ ਤੋਂ ਉਨ੍ਹਾਂ ਦੇ ਅਸਲ ਕੰਮ ਲੈਣ ਦੀ ਬਜਾਏ ਉਨ੍ਹਾਂ ਨੂੰ ਆਪਣੀ ਕੁਰਸੀ ਬਚਾਉਣ ਵਿਚ ਲਗਾਇਆ ਜਾਵੇਗਾ ਤਾਂ ਸੂਬਾ ਕਿਵੇਂ ਸੁਰੱਖਿਅਤ ਰਹੇਗਾ।
