ਕੇਂਦਰ ਨੇ 1000 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਦਿੱਤੀ ਮਨਜ਼ੂਰੀ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ 10 ਤੋਂ 18 ਜੂਨ ਤੱਕ ਹੋਵੇਗੀ ਯਾਤਰਾ
ਨਵੀਂ ਦਿੱਲੀ, 1 ਜੂਨ (ਨਿਊਜ਼ ਟਾਊਨ ਨੈਟਵਰਕ) : ਲੰਬੇ ਅਰਸੇ ਤੋਂ ਬਾਅਦ ਸ੍ਰੀ ਗੁਰੂ ਅਰਜੁਨ ਦੇਵ ਜੀ ਸ਼ਹੀਦੀ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਸ਼ਹੀਦੀ ਗੁਰਪੁਰਬ ‘ਤੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਦੀ ਮਨਜੂਰੀ ਮਿਲ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਮੌਕੇ ’ਤੇ ਸਿੱਖ ਜਥਿਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਲਈ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ 10 ਤੋਂ 18 ਜੂਨ ਤੱਕ ਹੋਣ ਵਾਲੀ ਯਾਤਰਾ ਲਈ ਕੁੱਲ 1,000 ਸ਼ਰਧਾਲੂਆਂ ਨੂੰ ਆਗਿਆ ਦਿੱਤੀ ਗਈ ਹੈ। ਇਨ੍ਹਾਂ ਵਿੱਚ 600 ਸ਼ਰਧਾਲੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), 200 ਦਿੱਲੀ ਤੋਂ ਅਤੇ 200 ਹਰਿਆਣਾ ਤੇ ਹੋਰ ਸਿੱਖ ਜਥੇਬੰਦੀਆਂ ਤੋਂ ਸ਼ਾਮਲ ਹੋਣਗੇ।ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ 21 ਤੋਂ 30 ਜੂਨ ਤੱਕ ਹੋਣ ਵਾਲੀ ਯਾਤਰਾ ਲਈ ਕੁੱਲ 500 ਸ਼ਰਧਾਲੂਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ 300 ਐੱਸਜੀਪੀਸੀ, 100 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਅਤੇ 100 ਹਰਿਆਣਾ ਤੇ ਹੋਰ ਜਥੇਬੰਦੀਆਂ ਨਾਲ ਸੰਬੰਧਤ ਹੋਣਗੇ। ਡੀਐੱਸਜੀਐੱਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮਨਜ਼ੂਰਸ਼ੁਦਾ ਤਰੀਕਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪਰਮਜੀਤ ਸਿੰਘ ਚੰਦੋਕ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਹੋਈਆਂ ਵਿਚਾਰ-ਵਟਾਂਦਰਿਆਂ ਤੋਂ ਬਾਅਦ ਤੈਅ ਕੀਤੀਆਂ ਗਈਆਂ ਹਨ। ਕਾਹਲੋਂ ਨੇ ਜੂਨ 1984 ਨੂੰ ਸਿੱਖ ਇਤਿਹਾਸ ਦਾ “ਕਾਲਾ ਅਧਿਆਇ” ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ’ਤੇ ਕੀਤਾ ਗਿਆ ਹਮਲਾ, ਜਿਸ ਦੌਰਾਨ ਬੇਗੁਨਾਹ ਸ਼ਰਧਾਲੂ ਵੀ ਇਸ ਕਾਰਵਾਈ ਦੀ ਚਪੇਟ ਵਿੱਚ ਆਏ, ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਮੱਥੇ ’ਤੇ ਇੱਕ ਅਮਿੱਟ ਦਾਗ਼ ਵਜੋਂ ਦਰਜ ਹੈ।
