ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਬੁਰੀ ਤਰਾਂ ਪ੍ਰਭਾਵਿਤ

0

ਕੇਂਦਰ ਵੱਲੋਂ ਪੰਜਾਬ ਦੀਆਂ ਮੰਡੀਆਂ ‘ਚੋਂ ਕਣਕ ਦੀ ਸਿੱਧੀ ਲਿਫਟਿੰਗ ਲਈ ਰੇਲਵੇ ਰੈਕ ਨਾ ਦੇਣ ਕਾਰਨ ਵੱਡਾ ਸੰਕਟ ਹੋਇਆ ਖੜ੍ਹਾ

ਪਟਿਆਲ਼ਾ, 6 ਮਈ (ਰਾਜਿੰਦਰ ਸਿੰਘ ਥਿੰਦ) : ਕੇਂਦਰ ਸਰਕਾਰ ਨੇ ਚਾਲੂ ਫ਼ਸਲੀ ਖ਼ਰੀਦ ਸੀਜ਼ਨ ਦੌਰਾਨ ਕਣਕ ਦੀ ਪੰਜਾਬ ਦੀਆਂ ਮੰਡੀਆਂ ਤੋਂ ਸਿੱਧੀ ਚੁਕਾਈ ਕਰਨ ਤੋਂ ਹੱਥ ਘੁੱਟ ਲੈਣ ਕਾਰਨ ਮੰਡੀਆਂ ਚ ਕਣਕ ਦੇ ਅੰਬਾਰ ਲੱਗੇ ਪਏ ਹਨ ਜਿਸ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਜਿਥੇ ਮੁਸ਼ਕਿਲ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਉੱਥੇ ਪੰਜਾਬ ਦੀਆਂ ਖਰੀਦ ਏਜੰਸੀਆਂ ਲਈ ਪੰਜਾਬ ਚ ਅਨਾਜ ਭੰਡਾਰਨ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਨਵੇਂ ਚੌਲਾਂ ਲਈ ਪੰਜਾਬ ’ਚ ਕੋਈ ਜਗ੍ਹਾ ਹੀ ਨਹੀਂ ਬਚੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਰੀਦ ਸੀਜ਼ਨ ਦੌਰਾਨ ਕੇਂਦਰ ਸਰਕਾਰ ਤੋਂ ਕਣਕ ਦੀ ਸਿੱਧੀ ਚੁਕਾਈ ਲਈ 860 ਵਿਸ਼ੇਸ਼ ਗੱਡੀਆਂ ਮੰਗੀਆਂ ਸਨ ਪਰ ਸੂਬੇ ਨੂੰ ਸਿਰਫ 146 ਟਰੇਨਾਂ ਹੀ ਮਿਲੀਆਂ ਹਨ। ਕਣਕ ਦੇ ਚਾਲੂ ਖ਼ਰੀਦ ਸੀਜ਼ਨ ਦੀ ਸਮਾਪਤੀ ’ਚ ਸਿਰਫ਼ ਦਸ ਦਿਨ ਬਚੇ ਹਨ। ਪੰਜਾਬ ਸਰਕਾਰ ਨੇ ਐਤਕੀਂ 122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਸੀ ਅਤੇ ਹੁਣ ਤੱਕ ਮੰਡੀਆਂ ’ਚ ਆਈ ਕੁੱਲ 121.65 ਲੱਖ ਮੀਟਰਿਕ ਟਨ ਕਣਕ ’ਚੋਂ 120.89 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ।ਪੰਜਾਬ ਸਰਕਾਰ ਨੇ ਅਨਾਜ ਭੰਡਾਰਨ ਦੇ ਸੰਕਟ ਨਾਲ ਨਜਿੱਠਣ ਲਈ ਚਾਲੂ ਸੀਜ਼ਨ ਦੌਰਾਨ ਹੀ 22 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ਤੋਂ ਐਫ ਸੀ ਆਈ ਰਾਹੀਂ ਕਣਕ ਦੀ ਸਿੱਧੀ ਚੁਕਾਈ ਵਾਸਤੇ ਟਰੇਨਾਂ ਦੀ ਮੰਗ ਕੀਤੀ ਸੀ। ਵੇਰਵਿਆਂ ਅਨੁਸਾਰ ਪੰਜਾਬ ਨੂੰ ਅੱਜ ਤੱਕ ਸਿੱਧੀ ਚੁਕਾਈ ਲਈ ਸਿਰਫ਼ 146 ਟਰੇਨਾਂ ਹੀ ਮਿਲੀਆਂ ਹਨ ਅਤੇ ਹੁਣ ਤੱਕ ਪੰਜਾਬ ’ਚੋਂ 4.25 ਲੱਖ ਮੀਟਰਿਕ ਟਨ ਕਣਕ ਸਿੱਧੀ ਚੁਕਾਈ ਤਹਿਤ ਭੇਜੀ ਗਈ ਹੈ। ਕਣਕ ਦੇ ਸੀਜ਼ਨ ਦੌਰਾਨ ਸਿੱਧੀ ਚੁਕਾਈ ਲਈ ਪੰਜਾਬ ਨੂੰ ਰੋਜ਼ਾਨਾ ਔਸਤਨ ਤਿੰਨ ਤੋਂ ਪੰਜ ਟਰੇਨਾਂ ਮਿਲੀਆਂ; ਪਿਛਲੇ ਸਾਲ ਪ੍ਰਤੀ ਦਿਨ 18 ਤੋਂ 20 ਟਰੇਨਾਂ ਲੋਡ ਹੁੰਦੀਆਂ ਸਨ। ਮਈ ਦੇ ਪਹਿਲੇ ਪੰਜ ਦਿਨਾਂ ’ਚ ਸਿਰਫ਼ 40 ਹਜ਼ਾਰ ਕਣਕ ਦੀ ਹੀ ਸਿੱਧੀ ਚੁਕਾਈ ਹੋਈ ਹੈ। ਕੇਂਦਰ ਸਰਕਾਰ ਨੇ ਮਈ ਮਹੀਨੇ ’ਚ 6.50 ਲੱਖ ਮੀਟਰਿਕ ਟਨ ਦੀ ਸਿੱਧੀ ਚੁਕਾਈ ਦਾ ਪਲਾਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਫ਼ਸਲ ਦੀ ਸਿੱਧੀ ਚੁਕਾਈ ਲਈ ਰੋਜ਼ਾਨਾ 30 ਟਰੇਨਾਂ ਦੇਣ ਦੀ ਮੰਗ ਕੀਤੀ ਸੀ। ਵੇਰਵਿਆਂ ਅਨੁਸਾਰ ਅਪਰੈਲ ਮਹੀਨੇ ’ਚ ਪੰਜਾਬ ’ਚੋਂ 3.30 ਲੱਖ ਮੀਟਰਿਕ ਟਨ ਕਣਕ ਦੀ ਸਿੱਧੀ ਚੁਕਾਈ ਹੋਈ ਹੈ; ਪਿਛਲੇ ਸਾਲ ਅਪਰੈਲ ਮਹੀਨੇ ’ਚ ਇਹੋ ਸਿੱਧੀ ਚੁਕਾਈ 7.50 ਲੱਖ ਮੀਟਰਿਕ ਟਨ ਦੀ ਰਹੀ ਸੀ। ਵੱਡੀ ਮੁਸ਼ਕਲ ਇਹ ਹੈ ਕਿ ਐਤਕੀਂ ਜਦੋਂ ਕਣਕ ਦੇ ਖ਼ਰੀਦ ਸੀਜ਼ਨ ਦੀ ਪਹਿਲੀ ਅਪਰੈਲ ਨੂੰ ਸ਼ੁਰੂਆਤ ਹੋਈ ਤਾਂ ਉਸ ਵੇਲੇ ਪੁਰਾਣੀ 38 ਲੱਖ ਮੀਟਰਿਕ ਟਨ ਕਣਕ ਦਾ ਸਟਾਕ ਪਿਆ ਸੀ। ਪਿਛਲੇ ਸਾਲ ਜਦੋਂ ਕਣਕ ਦੀ ਖ਼ਰੀਦ ਸ਼ੁਰੂ ਹੋਈ ਸੀ ਤਾਂ ਪੁਰਾਣੀ ਕਣਕ ਸਿਰਫ਼ 3 ਲੱਖ ਮੀਟਰਿਕ ਟਨ ਮੌਜੂਦ ਸੀ। ਇਸ ਤੋਂ ਇਲਾਵਾ ਚੌਲ ਮਿੱਲਾਂ ਵਿੱਚ ਪਏ ਝੋਨੇ ਦੀ ਛੜਾਈ ਤੋਂ ਬਾਅਦ ਤਿਆਰ ਹੋਣ ਵਾਲੇ 48 ਲੱਖ ਮੀਟਰਿਕ ਟਨ ਚੌਲ ਰੱਖਣ ਲਈ ਵੀ ਸੂਬੇ ਕੋਲ ਕੋਈ ਜਗ੍ਹਾ ਨਹੀਂ ਬਚੀ। ਕੁੱਝ ਸਮਾਂ ਪਹਿਲਾਂ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫ਼ਸਲ ਦੀ ਚੁਕਾਈ ਲਈ ਪੂਰੀਆਂ ਟਰੇਨਾਂ ਦੇਣ ਦਾ ਭਰੋਸਾ ਦਿੱਤਾ ਸੀ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਕੋਈ ਅਸਰ ਨਹੀਂ ਦਿਸ ਰਿਹਾ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਸੂਬਿਆਂ ਵਿੱਚ ਕਣਕ ਦੀ ਪੈਦਾਵਾਰ ਵਧਣ ਕਾਰਨ ਪੰਜਾਬ ਦੀ ਕਣਕ ਦੀ ਲੋੜ ਘਟ ਰਹੀ ਹੈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਕੇਂਦਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਵਿਤਕਰਾ ਦੱਸ ਰਹੇ ਹਨ। ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ‘ਆਪ’ ਸਰਕਾਰ ਇਸ ਮੁੱਦੇ ਨੂੰ ਵੱਡੇ ਸਿਆਸੀ ਹਥਿਆਰ ਵਜੋਂ ਵਰਤ ਸਕਦੀ ਹੈ, ਜਿਸ ਨਾਲ ਕੇਂਦਰ ਅਤੇ ਰਾਜ ਵਿਚਾਲੇ ਟਕਰਾਅ ਵਧਣ ਦੇ ਅਸਾਰ ਹਨ। ਮੰਡੀਆਂ ਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਪੰਜਾਬ ਦੀਆਂ ਮੰਡੀਆਂ ਵਿੱਚ ਖਰੀਦ ਕੀਤੀ ਜਾ ਚੁੱਕੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਜਿਸ ਕਾਰਨ ਆੜ੍ਹਤੀ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਣਕ ਦੀ ਖਰੀਦ ਕਰਨ ਵਾਲੀਆਂ ਏਜੇਂਸੀਆ ਨੂੰ ਕਣਕ ਭੰਡਾਰ ਕਰਣ ਲਈ ਗੁਦਾਮਾਂ ਦੀ ਘਾਟ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *