ਸਾਂਝ ਰਾਹਤ ਕੇਂਦਰਾਂ ਨੇ 1,656 ਮਾਮਲਿਆਂ ਦੀ ਸਕ੍ਰੀਨਿੰਗ ਕੀਤੀ ਅਤੇ 1,069 ਮਾਮਲੇ ਦਰਜ ਕੀਤੇ

ਸਾਂਝ ਰਾਹਤ ਕੇਂਦਰਾਂ ਨੇ 1,656 ਮਾਮਲਿਆਂ...
ਚੰਡੀਗੜ੍ਹ, 14 ਜੁਲਾਈ: ਪੰਜਾਬ ਪੁਲਿਸ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਸ਼ੁਰੂ ਕੀਤੇ ਗਏ ‘ਸਾਂਝ ਰਾਹਤ ਕੇਂਦਰ’ ਅੱਜ ਇੱਕ ਪ੍ਰਭਾਵਸ਼ਾਲੀ ਕਮਿਊਨਿਟੀ ਪੁਲਿਸਿੰਗ ਮਾਡਲ ਵਜੋਂ ਉੱਭਰੇ ਹਨ। ਇਹ ਕੇਂਦਰ ਸੰਕਟ ਵਿੱਚ ਫਸੀਆਂ ਮਹਿਲਾਵਾਂ ਨੂੰ ਕਾਊਂਸਲਿੰਗ, ਕਾਨੂੰਨੀ ਸਹਾਇਤਾ, ਤੁਰੰਤ ਮਦਦ ਅਤੇ ਮੁੜ ਵਸੇਬੇ ਵਰਗੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਪੰਜਾਬ ਪੁਲਿਸ ਅਨੁਸਾਰ ਸ਼ੁਰੂਆਤੀ ਪੜਾਅ ਵਿੱਚ ਮੋਹਾਲੀ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਜਲੰਧਰ ਦੇ ਚਾਰ ਸਾਂਝ ਰਾਹਤ ਕੇਂਦਰਾਂ ਵਿੱਚ ਸਿਰਫ਼ ਦੋ ਸਿਖਲਾਈ ਪ੍ਰਾਪਤ ਕਾਊਂਸਲਰ ਸਨ, ਪਰ ਹੁਣ ਇਨ੍ਹਾਂ ਨਾਲ ਕਈ ਕਾਊਂਸਲਰ ਜੁੜ ਚੁੱਕੇ ਹਨ। ਪਿਛਲੇ ਦੋ ਸਾਲਾਂ ਦੌਰਾਨ ਇਨ੍ਹਾਂ ਕੇਂਦਰਾਂ ਨੇ 1,656 ਮਾਮਲਿਆਂ ਦੀ ਸਕ੍ਰੀਨਿੰਗ ਕੀਤੀ, ਜਿਨ੍ਹਾਂ ਵਿੱਚੋਂ 1,069 ਕੇਸ ਦਰਜ ਕੀਤੇ ਗਏ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਚਾਰੇ ਸਾਂਝ ਰਾਹਤ ਕੇਂਦਰ ਸੰਕਟਗ੍ਰਸਤ ਮਹਿਲਾਵਾਂ ਨੂੰ ਮਾਨਸਿਕ ਸਦਮੇ ਤੋਂ ਉਭਰਨ ਅਤੇ ਆਮ ਜੀਵਨ ਵੱਲ ਵਾਪਸ ਆਉਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਲੋਕਾਂ ਦੇ ਵਿਸ਼ਵਾਸ ਅਤੇ ਸਹਿਯੋਗ ‘ਤੇ ਆਧਾਰਿਤ ਜਨ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਇੱਕ ਮਹਿਲਾ ਨੂੰ ਸਾਂਝ ਰਾਹਤ ਕੇਂਦਰ ਦੀ ਟੀਮ ਨੇ ਤੁਰੰਤ ਸੁਰੱਖਿਆ ਪ੍ਰਦਾਨ ਕਰਕੇ ਉਸ ਨੂੰ ਸੁਰੱਖਿਅਤ ਢੰਗ ਨਾਲ ਉਸ ਦੇ ਪੇਕੇ ਘਰ ਪਹੁੰਚਾਇਆ। ਇੱਕ ਹੋਰ ਮਾਮਲੇ ਵਿੱਚ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਇਕੱਲੀ ਮਹਿਲਾ ਦੀ ਕਾਊਂਸਲਿੰਗ, ਇਲਾਜ, ਭਾਵਨਾਤਮਕ ਸਹਿਯੋਗ, ਰੋਜ਼ਗਾਰ ਅਤੇ ਪਰਿਵਾਰ ਨਾਲ ਮੁੜ ਮਿਲਾਪ ਤੱਕ ਹਰ ਪੱਖੋਂ ਮਦਦ ਕੀਤੀ ਗਈ।
ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀਆਂ ਹੋਰ ਪਹਿਲਕਦਮੀਆਂ ਵੀ ਪ੍ਰਭਾਵਸ਼ਾਲੀ ਰਹੀਆਂ ਹਨ। ਜਾਗ੍ਰਿਤੀ ਪ੍ਰੋਗਰਾਮ ਤਹਿਤ ਪਿਛਲੇ ਕਰੀਬ ਦੋ ਸਾਲਾਂ ਵਿੱਚ 12,482 ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਰਾਹੀਂ 11.75 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ 76,299 ਪ੍ਰਿੰਸੀਪਲਾਂ, ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੂੰ ਸੁਰੱਖਿਆ ਅਤੇ ਕਾਨੂੰਨੀ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ ਗਈ।
