ਮੋਗਾ ਗ੍ਰਨੇਡ ਹਮਲੇ ਮਗਰੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਥਾਣੇ ਜਾਣ ਤੋਂ ਰੋਕਿਆ

0
Moga Blast

ਮੋਗਾ ਗ੍ਰਨੇਡ ਹਮਲੇ ਮਗਰੋਂ ਕੇਂਦਰੀ...

ਮੋਗਾ: ਮੋਗਾ ਦੇ ਥਾਣਾ ਸਦਰ ‘ਤੇ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਹਮਲੇ ਤੋਂ ਬਾਅਦ ਵੀਰਵਾਰ ਨੂੰ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੋਗਾ ਪੁਲੀਸ ਨੇ ਪ੍ਰਭਾਵਿਤ ਥਾਣੇ ਦਾ ਦੌਰਾ ਕਰਨ ਤੋਂ ਰੋਕ ਦਿੱਤਾ। ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ ਥਾਣਾ ਸਦਰ ਪਹੁੰਚ ਕੇ ਹਮਲੇ ਸਬੰਧੀ ਜਾਣਕਾਰੀ ਲੈਣਗੇ। ਪਰ ਜਿਵੇਂ ਹੀ ਉਹ ਆਪਣੇ ਕਾਫਲੇ ਨਾਲ ਮੋਗਾ ਦਾਖਲ ਹੋਏ ਤਾਂ ਡੀਐਸਪੀ ਦੀ ਅਗਵਾਈ ਹੇਠ ਤਾਇਨਾਤ ਭਾਰੀ ਪੁਲੀਸ ਬਲ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਕੇਂਦਰੀ ਮੰਤਰੀ ਨੂੰ ਘਟਨਾ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਬਿੱਟੂ ਦੇ ਨਾਲ ਮੌਜੂਦ ਸਮਰਥਕਾਂ ਅਤੇ ਆਗੂਆਂ ਨੇ ਨਾਅਰੇਬਾਜ਼ੀ ਵੀ ਕੀਤੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਤੜਕੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮੋਗਾ ਦੇ ਥਾਣਾ ਸਦਰ ‘ਤੇ ਹੈਂਡ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਸੀ। ਪੁਲੀਸ ਮੁਤਾਬਕ ਧਮਾਕੇ ਵਿੱਚ ਵਰਤਿਆ ਗਿਆ ਵਿਸਫੋਟਕ ਘੱਟ ਸ਼ਕਤੀਸ਼ਾਲੀ ਹੋਣ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਹਾਲਾਂਕਿ ਥਾਣੇ ਦੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਘਟਨਾ ਤੋਂ ਤੁਰੰਤ ਬਾਅਦ ਸਾਈਬਰ ਸੈੱਲ, ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਵੱਖ-ਵੱਖ ਟੀਮਾਂ ਵੱਲੋਂ ਨਾਕਾਬੰਦੀ ਅਤੇ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *