KHALRA ਥਾਣੇ ਦਾ ਐਡੀਸ਼ਨਲ SHO ਹੈਰੋਇਨ ਸਣੇ ਗ੍ਰਿਫ਼ਤਾਰ

KHALRA ਥਾਣੇ ਦਾ ਐਡੀਸ਼ਨਲ SHO...
ਤਰਨਤਾਰਨ : ਜ਼ਿਲ੍ਹੇ ਦੇ ਸਰਹੱਦੀ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖਾਲੜਾ ਥਾਣੇ ਵਿੱਚ ਐਡੀਸ਼ਨਲ ਐੱਸਐੱਚਓ ਵਜੋਂ ਤਾਇਨਾਤ ਸਬ ਇੰਸਪੈਕਟਰ ਸਾਹਿਬ ਸਿੰਘ ਕੋਲੋਂ ਕਥਿਤ ਤੌਰ ‘ਤੇ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਵੀ ਭਾਜੜ ਮਚ ਗਈ ਹੈ। ਪੁਲਿਸ ਦੇ ਸੂਤਰਾਂ ਮੁਤਾਬਕ ਮੁਲਜ਼ਮ ਸਬ–ਇੰਸਪੈਕਟਰ ਕੋਲ਼ੋਂ ਕੁਝ ਨਕਦੀ ਵੀ ਬਰਾਮਦ ਹੋਈ ਹੈ। ਜਿਸ ਬਾਰੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਕਿਤੇ ਡ੍ਰੱਗ–ਮਨੀ ਤਾਂ ਨਹੀਂ।
ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਕੀ ਇਸ ਮਾਮਲੇ ਦਾ ਸਬੰਧ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਕਿਸੇ ਗਿਰੋਹ ਨਾਲ ਹੈ ਜਾਂ ਨਹੀਂ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਸਾਹਿਬ ਸਿੰਘ ਕਾਫ਼ੀ ਸਮੇਂ ਤੋਂ ਖਾਲੜਾ ਥਾਣੇ ਵਿੱਚ ਤਾਇਨਾਤ ਸੀ। ਸੀਆਈਏ ਸਟਾਫ ਦੀ ਟੀਮ ਨੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕੀਤਾ।
ਸੂਤਰਾਂ ਮੁਤਾਬਕ ਉਸ ਕੋਲੋਂ ਕਥਿਤ ਤੌਰ ‘ਤੇ 300 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਹਾਲਾਂਕਿ ਪੁਲਿਸ ਵੱਲੋਂ ਹਾਲ਼ੇ ਤੱਕ ਬਰਾਮਦਗੀ ਦੀ ਮਾਤਰਾ ਜਾਂ ਹੋਰ ਅਧਿਕਾਰਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਜਾਂਚ ਕਰ ਰਹੀਆਂ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਕਿਤੇ ਸਬ ਇੰਸਪੈਕਟਰ ਦਾ ਸਬੰਧ ਉਨ੍ਹਾਂ ਗਿਰੋਹਾਂ ਨਾਲ ਤਾਂ ਨਹੀਂ, ਜੋ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਜਾਣ ਵਾਲੀ ਹੈਰੋਇਨ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚਾਉਣ ਦਾ ਕੰਮ ਕਰਦੇ ਹਨ। ਪੁਲਿਸ ਇਸ ਮਾਮਲੇ ਦੇ ਹਰ ਪੱਖ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਸੰਭਾਵਿਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
