ਰੂਸ ਨੇ ਯੂਕ੍ਰੇਨ ’ਤੇ 500 ਤੋਂ ਵੱਧ ਡਰੋਨਾਂ ਨਾਲ ਕੀਤਾ ਹਮਲਾ, 27 ਦੀ ਮੌਤ

ਰੂਸ ਨੇ ਯੂਕ੍ਰੇਨ ’ਤੇ 500 ਤੋਂ ਵੱਧ ਡਰੋਨਾਂ ...
ਕੀਵ: ਰੂਸ ਨੇ ਵੀਰਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਇਸ ਸਾਲ ਦਾ ਸਭ ਤੋਂ ਵੱਡਾ ਅਤੇ ਘਾਤਕ ਹਮਲਾ ਕੀਤਾ। ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਈਲਾਂ ਨਾਲ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦਕਿ 91 ਹੋਰ ਜ਼ਖਮੀ ਹੋਏ ਹਨ। ਧਮਾਕਿਆਂ ਨਾਲ ਪੂਰਾ ਸ਼ਹਿਰ ਹਿੱਲ ਗਿਆ ਅਤੇ ਲਗਭਗ 130 ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਕੀਵ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤਿਮੁਰ ਤਚੇਂਕੋ ਨੇ ਦੱਸਿਆ ਕਿ ਮਲਬੇ ਹੇਠਾਂ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਆਪਣਾ ਆਇਰਲੈਂਡ ਦੌਰਾ ਅੱਧ ਵਿਚਾਲੇ ਛੱਡ ਕੇ ਕੀਵ ਵਾਪਸ ਪਹੁੰਚੇ ਅਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਜੇ ਸਹਿਯੋਗੀ ਦੇਸ਼ਾਂ ਨੇ ਸਮੇਂ ਸਿਰ ਹਵਾਈ ਰੱਖਿਆ ਪ੍ਰਣਾਲੀਆਂ ਮੁਹੱਈਆ ਕਰਵਾਈਆਂ ਹੁੰਦੀਆਂ ਤਾਂ ਕਈ ਜਾਨਾਂ ਅਤੇ ਘਰਾਂ ਨੂੰ ਬਚਾਇਆ ਜਾ ਸਕਦਾ ਸੀ। ਯੂਕਰੇਨੀ ਹਵਾਈ ਫੌਜ ਮੁਤਾਬਕ ਰੂਸ ਨੇ ਰਾਤ ਭਰ ਵਿੱਚ 74 ਮਿਜ਼ਾਈਲਾਂ ਅਤੇ 496 ਡਰੋਨ ਦਾਗੇ, ਜਿਨ੍ਹਾਂ ਵਿੱਚ ਬੈਲਿਸਟਿਕ ਮਿਜ਼ਾਈਲਾਂ ਦੀ ਗਿਣਤੀ ਵੀ ਕਾਫ਼ੀ ਵੱਧ ਸੀ। ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਹਮਲੇ ਫੌਜੀ ਟਿਕਾਣਿਆਂ, ਊਰਜਾ ਸਹੂਲਤਾਂ ਅਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਅਤੇ ਇਹ ਯੂਕਰੇਨ ਵੱਲੋਂ ਰੂਸੀ ਖੇਤਰ ਵਿੱਚ ਕੀਤੇ ਗਏ ਡਰੋਨ ਹਮਲਿਆਂ ਦਾ ਜਵਾਬ ਸਨ।
ਹਮਲੇ ਦੌਰਾਨ ਕੀਵ ਵਿੱਚ ਯੂਕਰੇਨੀ ਰੈੱਡ ਕਰਾਸ ਦਾ ਮਾਨਵਤਾਵਾਦੀ ਗੁਦਾਮ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜਿਸ ਵਿੱਚ ਕਰੀਬ 3.20 ਲੱਖ ਰਾਹਤ ਸਮੱਗਰੀ ਨਸ਼ਟ ਹੋ ਗਈ। ਕੀਵ ਦੇ ਮੇਅਰ ਵਿਟਾਲੀ ਕਲਿਚਕੋ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ।
