ਝਾੜੂ ਸਰਕਾਰ ਨੇ 1000 ਕਰੋੜ ਦਾ ਹੋਰ ਕਰਜ਼ਾ ਲੈ ਕੇ ਸੂਬੇ ਨੂੰ ਬਰਬਾਦੀ ਵੱਲ ਧੱਕਿਆ : ਬਾਦਲ

ਪਰਗਟ ਸਿੰਘ ਨੇ ਜਤਾਇਆ ਸਖ਼ਤ ਇਤਰਾਜ਼

ਚੰਡੀਗੜ੍ਹ, 9 ਜੂਨ (ਨਿਊਜ਼ ਟਾਊਨ ਨੈਟਵਰਕ) :
ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਜੇਬਾਂ ਭਰਨ ਲਈ ਲੁਧਿਆਣਾ ਸ਼ਹਿਰ ਦੇ ਨਾਲ ਲਗਦੀ 24,000 ਏਕੜ ਉਪਜਾਊ ਜ਼ਮੀਨ ਨੂੰ ਜ਼ਬਰਦਸਤੀ ਐਕੁਆਇਰ ਕਰਨ ਲਈ ਸਰਕਾਰੀ ਬਾਂਡ ਵੇਚਣ ਦਾ ਜੋ ਫ਼ੈਸਲਾ ਲਿਆ ਹੈ, ਉਹ ਬਹੁਤ ਹੀ ਮੰਦਭਾਗਾ ਅਤੇ ਸੂਬੇ ਨੂੰ ਆਰਥਿਕ ਕੰਗਾਲੀ ਵੱਲ ਲਿਜਾਣ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਇਹ ਕਈ ਸੌ ਕਰੋੜ ਰੁਪਏ ਦਾ ਘੁਟਾਲਾ ਹੈ, ਜਿਸ ਵਿਚ ਟੈਕਸਦਾਤਾ ਜ਼ਮੀਨ ਲੈਣ ਲਈ ਲੋੜੀਂਦੇ ਫ਼ੰਡ ਪ੍ਰਾਪਤ ਕਰਨ ਵਾਸਤੇ ਉਧਾਰ ਲਏ ਗਏ 1000 ਕਰੋੜ ਰੁਪਏ ‘ਤੇ ਬਹੁਤ ਜ਼ਿਆਦਾ ਵਿਆਜ ਅਦਾ ਕਰੇਗਾ ਜਦਕਿ ਆਮ ਆਦਮੀ ਪਾਰਟੀ ਇਸ ਜਬਰੀ ਵਸੂਲੀ ਪ੍ਰਕਿਰਿਆ ਦੀ ਵਰਤੋਂ ਪੈਸੇ ਦੀ ਲੁੱਟ ਕਰਨ ਲਈ ਕਰੇਗੀ। ਜਿਵੇਂ ਕਿ ਆਮ ਆਦਮੀ ਪਾਰਟੀ ਵਲੋਂ ਮੋਟੀ ਰਿਸ਼ਵਤ ਦੇ ਬਦਲੇ ਜਾਇਦਾਦ ਵਪਾਰੀਆਂ ਅਤੇ ਲੈਂਡ ਮਾਫ਼ੀਆ ਨੂੰ ਪੁਰਾਣੀਆਂ ਤਾਰੀਕਾਂ ਵਿਚ ਜ਼ਮੀਨ ਦੀ ਵਰਤੋਂ ਬਦਲਣ ਦਾ ਵਾਅਦਾ ਕੀਤਾ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਇਸ ਖੇਤੀਯੋਗ ਜ਼ਮੀਨ ਨੂੰ ਬਚਾਉਣ ਲਈ ਵਚਨਬਧ ਹਾਂ। ਇਸ ਲਈ ਅਸੀਂ ਐਲਾਨ ਕੀਤਾ ਹੈ ਕਿ ਅਸੀਂ ਇਕ ਇੰਚ ਜ਼ਮੀਨ ਵੀ ਧੱਕੇ ਨਾਲ ਐਕੁਆਇਰ ਨਹੀਂ ਹੋਣ ਦੇਵਾਂਗੇ। ਜਦ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਅਸੀਂ ਇਸ ਘੁਟਾਲੇ ਦਾ ਪਰਦਾ ਫ਼ਾਸ਼ ਕਰਾਂਗੇ ਅਤੇ ਜਿਹੜੇ ਲੋਕ ਵੀ ਇਸ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਕਾਨੂੰਨੀ ਸਜ਼ਾ ਤਕ ਲੈ ਕੇ ਜਾਵਾਂਗੇ। ਸ. ਬਾਦਲ ਨੇ ਕਿਹਾ ਕਿ ਇਹ ਸਰਕਾਰ ਦਿੱਲੀ ਦੇ ਨੇਤਾਵਾਂ ਉਤੇ ਲੋਕਾਂ ਦਾ ਪੈਸਾ ਲੁਟ ਰਹੀ ਹੈ। ਅਗਲੇ ਡੇਢ ਸਾਲ ਵਿਚ ਸੂਬੇ ਸਿਰ ਏਨਾ ਕਰਜ਼ਾ ਚਾੜ੍ਹ ਦਿਤਾ ਜਾਵੇਗਾ ਜਿਸ ਨੂੰ ਉਤਾਰਨਾ ਨਾਮੁਮਕਿਨ ਹੋਵੇਗਾ।

ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜ੍ਹਾਉਣ ਵਾਲੀ ਬਣੀ ਸਰਕਾਰ -ਪਰਗਟ ਸਿੰਘ
ਇਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪਿਛਲੇ ਮਹੀਨੇ ਫੇਰ ਭਗਵੰਤ ਮਾਨ ਸਰਕਾਰ ਨੇ ₹1,000 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ, ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ।

ਕੇਜਰੀਵਾਲ ਦੇ “ਸਰਪਲੱਸ ਖਜ਼ਾਨਾ” ਮਾਡਲ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੜ੍ਹਾਉਣ ਵਾਲੀ ਸਰਕਾਰ ਹੈ। ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ — ਹਰ ਪਾਸੇ ਲੁੱਟ ਜਾਰੀ ਹੈ। ਪੰਜਾਬ ਇੱਕ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਹੁਣ ਜਾਗਣ ਦਾ ਸਮਾਂ ਹੈ।
ਪਰਗਟ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ, “AAP ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਨੂੰ ਮਜ਼ਬੂਤ ਆਰਥਿਕਤਾ ਵਾਲਾ ਰਾਜ ਬਣਾਏਗੀ ਪਰ ਇਹ ਨਵਾਂ ਕਰਜ਼ਾ ਖਜ਼ਾਨੇ ਨੂੰ ਖਾਲੀ ਕਰੇਗਾ ਤੇ ਆਰਥਿਕ ਸੰਕਟ ਲਿਆਵੇਗਾ।”
