7 ਜੂਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵੋਟਰਾਂ ਲਈ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ

0

ਕੈਂਪ ਵਾਲੇ ਦਿਨ ਸਾਰੇ ਬੀ.ਐੱਲ.ਓ. ਆਪਣੇ ਪੋਲਿੰਗ ਬੂਥਾਂ `ਤੇ ਮੌਜੂਦ ਰਹਿ ਕੇ ਵੋਟਰਾਂ ਦੀ ਸਹਾਇਤਾ ਕਰਨਗੇ

ਅੰਮ੍ਰਿਤਸਰ, 01 ਜੂਨ (  ਮਨਜੀਤ ਸਿੰਘ ਸ਼ੇਰਗਿੱਲ       ) – ਸ੍ਰੀ ਦਲਵਿੰਦਰਜੀਤ ਸਿੰਘ, ਆਈ.ਏ.ਐੱਸ., ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਐੱਸ.ਆਈ.ਆਰ. ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 19,71,604 ਵੋਟਰਾਂ ਵਿੱਚੋਂ ਹੁਣ ਤੱਕ 17,38,253 ਵੋਟਰਾਂ (88.16 ਫ਼ੀਸਦੀ) ਦੀ ਵੋਟਰ ਸੂਚੀ 2003 ਨਾਲ ਮੈਪਿੰਗ ਸਫ਼ਲਤਾ ਪੂਰਵਕ ਕੀਤੀ ਜਾ ਚੁੱਕੀ ਹੈ ਅਤੇ ਅਜੇ ਵੀ ਜ਼ਿਲ੍ਹੇ ਦੇ 2,33,351 ਵੋਟਰ ਅਨ-ਮੈਪਡ ਹਨ, ਜਿਨ੍ਹਾਂ ਨੂੰ ਕਵਰ ਕਰਨਾ ਅਤਿ-ਜ਼ਰੂਰੀ ਹੈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰ ਸੂਚੀ 2003 ਦੇ ਮੌਜੂਦਾ ਵੋਟਰਾਂ ਦੀ ਮੈਪਿੰਗ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ 7 ਜੂਨ, 2026 (ਦਿਨ ਐਤਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ।  ਉਨ੍ਹਾਂ ਦੱਸਿਆ ਕਿ ਕੈਂਪ ਵਾਲੇ ਦਿਨ ਸਾਰੇ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਆਪਣੇ-ਆਪਣੇ ਨਿਰਧਾਰਤ ਪੋਲਿੰਗ ਬੂਥਾਂ `ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਦੀ ਸਹਾਇਤਾ ਕਰਨਗੇ। ਸਾਲ 2003 ਦੀ ਵੋਟਰ ਸੂਚੀ ਦੇ ਆਧਾਰ `ਤੇ ਵੋਟਰਾਂ ਦੀ ਮੈਪਿੰਗ ਦੀ ਸਹੂਲਤ ਲਈ ਨਾਗਰਿਕ ਆਪਣੇ ਬੂਥ `ਤੇ ਜਾ ਕੇ ਇਸ ਦਾ ਲਾਭ ਉਠਾ ਸਕਦੇ ਹਨ।  ਜ਼ਿਲ੍ਹਾ ਚੋਣ ਅਧਿਕਾਰੀ ਨੇ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਬੂਥ ਲੈਵਲ ਏਜੰਟਾਂ (ਬੀ.ਐੱਲ.ਓਜ਼.) ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਇੱਕ ਰੋਜ਼ਾ ਵਿਸ਼ੇਸ਼ ਕੈਂਪ ਨੂੰ ਸਫ਼ਲ ਬਣਾਉਣ ਲਈ ਆਪਣਾ ਪੂਰਨ ਸਹਿਯੋਗ ਦੇਣ।  ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੀ ਵੋਟਰ ਪਾਤਰਤਾ ਨੂੰ ਯਕੀਨੀ ਬਣਾਉਣ।

Leave a Reply

Your email address will not be published. Required fields are marked *