ਹਲਕਾ ਇੰਚਾਰਜ ਰਣਜੋਧ ਹਡਾਣਾ ਵੱਲੋਂ ਦੇਵੀਗੜ੍ਹ ਵਿਖੇ ਮੁੱਖ ਦਫ਼ਤਰ ਦਾ ਸ਼ਾਨਦਾਰ ਉਦਘਾਟਨ

0

ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਇੱਕੋ ਛੱਤ ਹੇਠ ਹੋਵੇਗਾ ਨਿਪਟਾਰਾ — ਰਣਜੋਧ ਹਡਾਣਾ

ਦੇਵੀਗੜ੍ਹ /ਪਟਿਆਲਾ, 30 ਮਈ (ਰਾਜਿੰਦਰ ਸਿੰਘ ਥਿੰਦ)

ਹਲਕਾ ਸਨੌਰ ਦੇ ਸਰਬਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਬੂਹੇ ‘ਤੇ ਨਿਪਟਾਰਾ ਕਰਨ ਲਈ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਵੱਲੋਂ ਅੱਜ ਨਵੀਂ ਅਨਾਜ ਮੰਡੀ ਦੇਵੀਗੜ੍ਹ ਵਿਖੇ ਮੁੱਖ ਦਫ਼ਤਰ ਦਾ ਉਦਘਾਟਨ ਪੂਰੀ ਚੜ੍ਹਦੀ ਕਲਾ ਨਾਲ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਇਲਾਕੇ ਦੀ ਖ਼ੁਸ਼ਹਾਲੀ, ਅਮਨ-ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਨਾਲ ਹੋਈ। ਸਮਾਗਮ ਦੌਰਾਨ ਹਲਕੇ ਭਰ ਵਿੱਚੋਂ ਪਹੁੰਚੇ ਸੈਂਕੜੇ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ-ਪੰਚਾਂ, ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸ. ਹਡਾਣਾ ਨੂੰ ਵਧਾਈ ਦਿੱਤੀ।

ਇਸ ਮੌਕੇ ਹਾਜ਼ਰ ਵਿਸ਼ਾਲ ਇਕੱਠ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨਤਾ ਦੀ ਆਪਣੀ ਸਰਕਾਰ ਹੈ, ਜੋ ਲੋਕਾਂ ਦੇ ਹਿੱਤਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਵੀਗੜ੍ਹ ਵਿਖੇ ਇਸ ਮੁੱਖ ਦਫ਼ਤਰ ਨੂੰ ਖੋਲ੍ਹਣ ਦਾ ਮੁੱਖ ਮਕਸਦ ਹਲਕਾ ਨਿਵਾਸੀਆਂ ਨੂੰ ਇੱਕ ਅਜਿਹਾ ਪਲੇਟਫਾਰਮ ਦੇਣਾ ਹੈ, ਜਿੱਥੇ ਆ ਕੇ ਉਹ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਮੁਸ਼ਕਲਾਂ ਦੱਸ ਸਕਣ। ਹਡਾਣਾ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ, ਚਾਹੇ ਉਹ ਪ੍ਰਸ਼ਾਸਨਿਕ ਕੰਮ ਹੋਣ, ਬਿਜਲੀ-ਪਾਣੀ ਦੀ ਕਿੱਲਤ, ਸੜਕਾਂ ਦੀ ਮੁਰੰਮਤ ਜਾਂ ਸਰਕਾਰੀ ਲੋਕ-ਭਲਾਈ ਸਕੀਮਾਂ ਦਾ ਲਾਭ ਲੈਣਾ ਹੋਵੇ, ਸਾਰੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਚੇਅਰਮੈਨ ਹਡਾਣਾ ਨੇ ਅੱਗੇ ਕਿਹਾ ਕਿ ਇਸ ਦਫ਼ਤਰ ਰਾਹੀਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਰੋਜ਼ਾਨਾ ਸਮੀਖਿਆ ਤੇ ਨਿਗਰਾਨੀ ਕੀਤੀ ਜਾਵੇਗੀ, ਤਾਂ ਜੋ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡਾ ਮੁੱਖ ਟੀਚਾ ਸਨੌਰ ਹਲਕੇ ਨੂੰ ਵਿਕਾਸ ਦੇ ਮਾਮਲੇ ਵਿੱਚ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣਾ ਹੈ।

ਸਮਾਗਮ ਦੌਰਾਨ ਹੁੰਮਹੁਮਾ ਕੇ ਪਹੁੰਚੇ ਇਲਾਕਾ ਨਿਵਾਸੀਆਂ ਅਤੇ ਮੋਹਤਬਰਾਂ ਨੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਫ਼ਤਰ ਦੇ ਖੁੱਲ੍ਹਣ ਨਾਲ ਆਮ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ।

ਇਸ ਪ੍ਰਭਾਵਸ਼ਾਲੀ ਉਦਘਾਟਨੀ ਸਮਾਗਮ ਮੌਕੇ ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ, ਚੇਅਰਮੈਨ ਮਾਰਕੀਟ ਕਮੇਟੀ ਡਕਾਲਾ ਹਨੀ ਮਾਹਲਾ, ਬਲਾਕ ਸੰਮਤੀ ਭੁਨਰਹੇੜੀ ਦੇ ਚੇਅਰਮੈਨ ਚਰਨਜੀਤ ਸਿੰਘ ਨੈਣਾ, ਵਾਈਸ ਚੇਅਰਮੈਨ ਬਲਾਕ ਸੰਮਤੀ ਭੁਨਰਹੇੜੀ ਸਿਮਰਜੀਤ ਸਿੰਘ ਸੋਹਲ, ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਹੈਪੀ ਪਹਾੜੀਪੁਰ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ, ਗੁਰਪ੍ਰੀਤ ਗੋਪੀ ਮੇਂਬਰ ਜਿਲ੍ਹਾ ਪ੍ਰੀਸ਼ਦ, ਮਨਿੰਦਰ ਫ੍ਰਾਂਸਵਾਲਾ ਪ੍ਰਧਾਨ ਬੀ ਸੀ ਵਿੰਗ, ਰਾਜਾ ਧੰਜੂ ਸਰਪੰਚ ਤੇ ਸਮੇਤ ਵੱਡੀ ਗਿਣਤੀ ਵਿੱਚ ਸਾਰੇ ਬਲਾਕ ਪ੍ਰਧਾਨ, ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਪਾਰਟੀ ਦੇ ਸੀਨੀਅਰ ਅਹੁਦੇਦਾਰ ਅਤੇ ਮਿਹਨਤੀ ਵਲੰਟੀਅਰ ਹਾਜ਼ਰ ਸਨ।

Leave a Reply

Your email address will not be published. Required fields are marked *