ਵਿਦਾਇਗੀ ਤੇ ਵਿਸ਼ੇਸ਼: ਮਿਹਨਤ, ਸਾਦਗੀ ਅਤੇ ਮਿਲਾਪੜੇ ਸੁਭਾਅ ਦੀ ਮਿਸਾਲ- ਮਾਸਟਰ ਸੁਖਜੀਤ ਸਿੰਘ ਨੱਤ

ਮਾਸਟਰ ਸੁਖਜੀਤ ਸਿੰਘ ਜੀ ਦਾ ਜਨਮ ਮਾਤਾ ਸਰਦਾਰਨੀ ਗੁਰਦੇਵ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਭਰਪੂਰ ਸਿੰਘ ਜੀ ਦੇ ਘਰ 2 ਮਈ 1968 ਨੂੰ ਨੱਤ ਪਿੰਡ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ ਜੀ ਦਾ ਵਿਆਹ ਫੂਲ ਟਾਊਨ ਦੀ ਜੰਮਪਲ ਕਿਰਨਪਾਲ ਕੌਰ ਨਾਲ ਹੋਇਆ। ਆਪ ਜੀ ਦਾ ਇੱਕ ਬੇਟਾ ਨਵਦੀਪ ਸਿੰਘ ਕਨੇਡਾ ਅਤੇ ਦੂਜਾ ਬੇਟਾ ਅਰਸ਼ਦੀਪ ਸਿੰਘ ਘਰ ਦਾ ਕਾਰੋਬਾਰ ਸੰਭਾਲ ਰਿਹਾ ਹੈ। ਆਪ ਜੀ ਈਟੀਟੀ, ਐੱਮ.ਏ.,ਬੀਐੱਡ ਕਰਨ ਉਪਰੰਤ 21 ਦਸੰਬਰ 1993 ਨੂੰ ਸਿੱਖਿਆ ਵਿਭਾਗ ਵਿੱਚ ਬਤੌਰ ਈਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕਸਾਈਵਾੜਾ (ਰਾਮਨਗਰ) ਜ਼ਿਲ੍ਹਾ ਬਠਿੰਡਾ ਵਿਖੇ ਨਿਯੁਕਤ ਹੋ ਗਏ। ਬਤੌਰ ਪ੍ਰਾਇਮਰੀ ਅਧਿਆਪਕ ਸਪਸ ਮਾਖਾ, ਸਪਸ ਜੋਧਪੁਰ ਪਾਖਰ ਅਤੇ ਸਪਸ ਲਾਲੇਆਣਾ ਵਿਖੇ ਸੇਵਾਵਾਂ ਨਿਭਾਉਣ ਉਪਰੰਤ ਆਪ ਜੀ 5 ਫਰਵਰੀ 2004 ਨੂੰ ਬਤੌਰ ਪੰਜਾਬੀ ਅਧਿਆਪਕ ਪਦਉੱਨਤ ਹੋ ਗਏ। ਬਤੌਰ ਪੰਜਾਬੀ ਮਾਸਟਰ ਸਅਸ ਧਿੰਗੜ,ਸਹਸ ਨਥੇਹਾ ਡਿਊਟੀ ਨਿਭਾਉਂਦਿਆਂ ਸਿੱਖਿਆ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਇਨ੍ਹਾਂ ਦੀ ਇੱਛਾ ਅਨੁਸਾਰ 8 ਅਪ੍ਰੈਲ 2008 ਨੂੰ ਇਨ੍ਹਾਂ ਦੀ ਬਦਲੀ ਨੇੜਲੇ ਪਿੰਡ (ਜਿਥੋਂ ਆਪਜੀ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ) ਸਮਸ ਬੁਰਜ ਸੇਮਾਂ ਵਿਖੇ ਹੋ ਗਈ। ਫਿਰ ਕੀ ਸੀ,ਉਸੇ ਦਿਨ ਤੋਂ ਹੀ ਇਸ ਭੂੰਮੀ ਦਾ ਕਰਜ਼ ਉਤਾਰਨ ਲਈ ਸੁਰਤ ਇਸ ਸੰਸਥਾ ਨਾਲ ਜੋੜ ਲਈ। ਜਿਵੇਂ ਕਿਹਾ ਜਾਂਦਾ ਹੈ ਅਧਿਆਪਕ ਆਪ ਜਲ ਕੇ ਦੂਜਿਆਂ ਨੂੰ ਰੌਸ਼ਨ ਕਰਦਾ ਹੈ, ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਸਕੂਲ ਦੀ ਤਰੱਕੀ ਲਈ ਦਿਨ ਰਾਤ ਇੱਕ ਕੀਤਾ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਆਪ ਜੀ ਨੇ ਬਤੌਰ ਇੰਚਾਰਜ ਹੁੰਦਿਆਂ ਸਕੂਲ ਨੂੰ ਹਾਈ ਸਕੂਲਾਂ ਵਾਲ਼ੀ ਸ਼੍ਰੇਣੀ ਵਿੱਚ ਸ਼ਾਮਲ ਕਰਵਾ ਲਿਆ, ਆਪਣੇ ਬਲਬੂਤੇ ਤੇ ਨੌਵੀਂ, ਦਸਵੀਂ ਕਲਾਸ ਵਿੱਚ ਦਾਖਲੇ ਕਰ ਲਏ। ਸਰਕਾਰ ਵੱਲੋਂ ਇਸ ਹਾਈ ਸਕੂਲ ਲਈ ਕੋਈ ਪੋਸਟ ਨਾ ਦਿੱਤੀ, ਆਪ ਅਡੋਲ ਰਹੇ। ਆਪ ਨੇ ਆਪਣੇ ਪੱਧਰ ‘ਤੇ ਵਲੰਟੀਅਰ ਅਧਿਆਪਕਾਂ ਦਾ ਪ੍ਰਬੰਧ ਕਰ ਲਿਆ ਅਤੇ ਦ੍ਰਿੜ ਇਰਾਦੇ ਨਾਲ ਹਾਈ ਕਲਾਸਾਂ ਦੇ ਉੱਚ ਪੱਧਰੀ ਨਤੀਜੇ ਆਉਂਦੇ ਰਹੇ। ਸੈਂਕੜੇ ਵਿਦਿਆਰਥੀ ਇਥੋਂ ਪੜ ਕੇ ਸਫਲ ਜ਼ਿੰਦਗੀ ਬਤੀਤ ਕਰ ਰਹੇ ਹਨ। ਪਿੰਡ ਦੇ ਲੋਕਾਂ ਅਤੇ ਵਿਦਿਆਰਥੀਆਂ ਨਾਲ ਕੀਤੀ ਵਚਨਬੱਧਤਾ ਤੇ ਪਹਿਰਾ ਦਿੰਦਿਆਂ ਆਪ ਨੇ ਆਪਣੀਆਂ ਛੁੱਟੀਆਂ ਲੈਣੀਆਂ ਬੰਦ ਕਰ ਦਿੱਤੀਆਂ ਸਗੋਂ ਆਪਣੀ ਪਤਨੀ ਨੂੰ ਵੀ ਬਿਨਾਂ ਕਿਸੇ ਤਨਖਾਹ ਦੇ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਲਗਾ ਲਿਆ। ਵਿਲੱਖਣਤਾ ਇਹ ਵੀ ਹੈ ਕਿ ਇੰਨਾ ਨੇ ਅੱਜ ਤੱਕ ਕੋਈ ਵੀ ਮੈਡੀਕਲ ਛੁੱਟੀ ਨਹੀਂ ਲਈ ਅਤੇ 240 ਛੁੱਟੀਆਂ ਸਕੂਲ ਦੇ ਲੇਖੇ ਲਾ ਦਿੱਤੀਆਂ। ਸਕੂਲ ਦੀ ਡਿਵੈਲਪਮੈਂਟ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ, ਸੱਚ ਨਾਲ ਚਟਾਨ ਵਾਂਗ ਖੜ੍ਹਨ ਵਾਲੇ, ਹਸਮੁੱਖ, ਮਖੌਲੀਏ ਸੁਭਾਅ, ਮਿਹਨਤ ਵਿੱਚ ਵਿਸ਼ਵਾਸ ਰੱਖਣ ਵਾਲੇ ਅਤੇ ਮਹਿਫਲਾਂ ਦੀ ਸ਼ਾਨ ਸਮਝੇ ਜਾਂਦੇ ਸੁਖਜੀਤ ਸਿੰਘ ਨੱਤ ਅੱਜ ਆਪਣੀ ਲਗਭਗ ਸਾਢੇ ਬੱਤੀ ਸਾਲ ਆਨ ਅਤੇ ਸ਼ਾਨ ਨਾਲ ਸੇਵਾ ਕਰਕੇ ਸਿੱਖਿਆ ਵਿਭਾਗ ਵਿੱਚੋਂ ਸੇਵਾ ਨਵਿਰਤ ਹੋ ਰਹੇ ਹਨ। ਪ੍ਰਮਾਤਮਾ ਇੰਨਾ ਨੂੰ ਹੋਰ ਚੜ੍ਹਦੀ ਕਲਾ ਅਤੇ ਤੰਦਰੁਸਤੀਆਂ ਬਖਸ਼ੇ।
ਗੁਰਜੰਟ ਸਿੰਘ ਨਥੇਹਾ
ਤਲਵੰਡੀ ਸਾਬੋ।
8968727272
