ਰਾਜਾ ਵੜਿੰਗ ‘ਤੇ ਕੋਲਿਆਂਵਾਲੀ ਦੀ ਹਰੀ ਸਿੰਘ ਨਲੂਆ ਨਾਲ ਤੁਲਨਾ ਕਰਨ ਦਾ ਦੋਸ਼

0

ਵੜਿੰਗ ਦੇ ਕਥਿਤ ਬਿਆਨ ਮਗਰੋਂ ਕਾਂਗਰਸੀ ਵਰਕਰਾਂ ‘ਚ ਰੋਸ ਦੀ ਤਿੱਖੀ ਲਹਿਰ

ਲੰਬੀ, 26 ਮਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ‘​ਰਾਜਾ ਵੜਿੰਗ’ ਦੀ ਜੋਸ਼ੀਲੀ ਬਿਆਨਬਾਜ਼ੀ ਨੇ ਇੱਕ ਵਾਰ ਮੁੜ ਤੋਂ ਕਾਂਗਰਸ ਲਈ ਹੀ ਔਖੀ ਸਥਿਤੀ ਖੜ੍ਹੀ ਕਰ ਦਿੱਤੀ ਹੈ। ਮਲੋਟ ਨਗਰ ਕੌਂਸਲ ਚੋਣਾਂ ਲਈ ਮਲੋਟ ‘ਚ ਕਥਿਤ ਤੌਰ ‘ਤੇ ਚੋਣ ਪ੍ਰਚਾਰ ਮੌਕੇ ਦੇ ਵਾਇਰਲ ਹੋਏ ਬਿਆਨ ਵਿੱਚ ‘ਬੇਬਾਕ’ ਸੰਸਦ ਮੈਂਬਰ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਤੁਲਨਾ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਹਰੀ ਸਿੰਘ ਨਲੂਆ ਨਾਲ ਕਰ ਦਿੱਤੀ। ਵੜਿੰਗ ਦੇ ਇਸ ਬਿਆਨ ਨਾਲ ਕਾਂਗਰਸੀ ਵਰਕਰਾਂ ਵਿਚ ਰੋਸ ਦੀ ਤਿੱਖੀ ਲਹਿਰ ਬਣੀ ਹੋਈ ਹੈ। ਲਗਾਤਾਰ ਗੈਰਵਾਜਿਬ ਅਤੇ ਵਿਵਾਦਤ ਬਿਆਨਾਂ ਤੋਂ ਕਾਂਗਰਸ ਵਰਕਰ ਅਤੇ ਆਗੂ ਇੰਨੇ ਔਖੇ ਹਨ ਕਿ ਮਾਮਲਾ ਕੇਂਦਰੀ ਹਾਈਕਮਾਂਡ ਤੱਕ ਪੁੱਜਣ ਦੀ ਸਥਿਤੀ ਬਣ ਗਈ ਹੈ। ਲੰਬੀ ​ਹਲਕੇ ਦੇ ਟਕਸਾਲੀ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਆਗੂ ਦੇ ਸਿਆਸੀ ਰਵਈਏ ਕਰਕੇ ਦਸ ਸਾਲਾ ਅਕਾਲੀ ਸਰਕਾਰ ਦੇ ਦੌਰਾਨ ਕਾਂਗਰਸੀਆਂ ‘ਤੇ ਕਥਿਤ ਤਸ਼ੱਦਦ ਅਤੇ ਧੱਕੇਸ਼ਾਹੀਆਂ ਵਾਲਾ ਦੌਰ ਭਾਰੂ ਰਿਹਾ ਅਤੇ ਲੰਬੀ ਹਲਕੇ ਵਿੱਚ ਕਾਂਗਰਸੀਆਂ ਨੂੰ ਸਮੇਂ-ਸਮੇਂ ‘ਤੇ ਵੱਡੀਆਂ ਮੁਸ਼ਕਿਲਾਂ ਝੱਲਣੀਆਂ ਪਈਆਂ, ਕਾਂਗਰਸ ਪ੍ਰਧਾਨ ਵੱਲੋਂ ਉਸ ਦੀ ਤੁਲਨਾ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਯੋਧੇ ਨਾਲ ਕਰਨਾ ਬੇਹੱਦ ਬੇਤੁਕਾ ਹੈ। ਵਰਕਰਾਂ ਨੇ ਕਿਹਾ ਕਿ ਦੋਹਾਂ ਦੇ ਕਿਰਦਾਰ ਅਤੇ ਕਾਰਗੁਜ਼ਾਰੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਇਸ ਬਿਆਨ ਨਾਲ ਉਨ੍ਹਾਂ ਵਰਕਰਾਂ ਦੇ ਮਨੋਬਲ ਅਤੇ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਉਸ ਦੌਰ ਵਿੱਚ ਸੱਤਾਪੱਖੀ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ​ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਦੇ ਲਗਾਤਾਰ ਬੇਤੁਕੇ ਬਿਆਨ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਕੁੱਝ ਸਮਾਂ ਪਹਿਲਾਂ ਵੜਿੰਗ ਵੱਲੋਂ ਕਾਂਗਰਸ ਪਾਰਟੀ ਦੇ ਥੰਮ ਰਹੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਵੀ ਟਿੱਪਣੀ ਕਰਕੇ ਐੱਸ.ਸੀ. ਭਾਈਚਾਰੇ ਦੀ ਨਾਰਾਜ਼ਗੀ ਸਹੇੜ ਲਈ ਗਈ ਸੀ। ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਦੇ ‘ਬਾਰਾਂ ਪੰਜੇ ਅੜ੍ਹਤਾਲੀ’ ਵਾਲੇ ਬਿਆਨ ਨੇ ਸਿਆਸੀ ਵਿਰੋਧੀਆਂ ਨੂੰ ਇੱਕ ਰੌਚਿਕ ਮੁੱਦਾ ਥਾਲੀ ਵਿੱਚ ਪਰੋਸ ਕੇ ਦੇ ਦਿੱਤਾ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਦੇ ਅਜਿਹੇ ਵਿਵਾਦਿਤ ਬਿਆਨ ਜ਼ਮੀਨੀ ਪੱਧਰ ‘ਤੇ ਕਾਂਗਰਸ ਦੇ ਰਵਾਇਤੀ ਵੋਟ ਬੈਂਕ ਅਤੇ ਆਧਾਰ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੇ ਹਨ।

Leave a Reply

Your email address will not be published. Required fields are marked *