ਮਾਜਰੀ ਮਾਰਕੀਟ ‘ਚ ਸੜਕ ਕੰਢੇ ਖੜ੍ਹੀ ਗੱਡੀ ਦਾ ਦਿਨ ਦਿਹਾੜੇ ਸ਼ੀਸ਼ਾ ਤੋੜਕੇ ਨਗਦੀ ਚੋਰੀ

ਮਾਜਰੀ, 26 ਮਈ (ਰਾਜਾ ਸਿੰਘ ਭੰਗੂ) – ਸਥਾਨਕ ਕਸਬੇ ਦੇ ਬਲਾਕ ਚੌਂਕ ਵਿਖੇ ਥਾਣਾ ਮਾਜਰੀ ਤੋਂ ਮਹਿਜ਼ ਕੁਝ ਦੂਰੀ ਤੇ ਚੋਰਾਂ ਵੱਲੋਂ ਦਿਨ ਦਿਹਾੜੇ ਮਾਰਕੀਟ ‘ਚ ਸੜਕ ਕੰਢੇ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜਕੇ ਨਗਦੀ ਚੋਰੀ ਕਰ ਲਈ ਗਈ ਹੈ। ਇਲਾਕਾ ਵਾਸੀਆਂ ਅਨੁਸਾਰ ਮਾਜਰੀ ਬਲਾਕ ਮਾਰਕੀਟ ‘ਚ ਨਸ਼ੇੜੀਆਂ ਦੇ ਹੌਂਸ਼ਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਕੋਈ ਮੋਟਰ ਸਾਈਕਲ ਚੁੱਕ ਲਿਆ ਜਾਂ ਦੁਕਾਨਦਾਰਾਂ ਦਾ ਸਮਾਨ ਚੋਰੀ ਕਰ ਲਿਆ ਜਾਂਦਾ ਹੈ, ਇੱਥੋਂ ਤੱਕ ਕਿ ਕਿਸਾਨ ਜਥੇਬੰਦੀ ਵੱਲੋਂ ਹੜ੍ਹਾਂ ਲਈ ਰੱਖੀ ਕਣਕ ਵੀ ਚੋਰੀ ਕਰ ਲਈ ਗਈ ਸੀ। ਇੱਜ ਵਾਪਰੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਹਰਪ੍ਰੀਤ ਸਿੰਘ ਕਾਦੀਮਾਜਰਾ ਜੋ ਕਿ ਦੁਪਹਿਰ 2 – 3 ਵਜੇ ਗੁਰਦੁਆਰਾ ਰੋਡ ਤੇ ਖੜ੍ਹੀਆਂ ਗੱਡੀਆਂ ‘ਚ ਸੜਕ ਕੰਢੇ ਆਪਣੀ ਗੱਡੀ ਖੜ੍ਹੀ ਕਰਕੇ ਤਹਿਸੀਲ ‘ਚ ਕੰਮ ਚਲਾ ਗਿਆ। ਇਸ ਮਗਰੋਂ ਜਦੋਂ ਓਹ ਗੱਡੀ ਕੋਲ ਆਇਆ ਤਾਂ ਦੇਖਿਆ ਕਿ ਗੱਡੀ ਦਾ ਖੱਬੇ ਪਾਸੇ ਵਾਲਾ ਅਗਲਾ ਸ਼ੀਸਾ ਟੁੱਟਾ ਹੋਇਆ ਸੀ ਤੇ ਗੱਡੀ ਅੰਦਰ ਇੱਕ ਪੱਥਰ ਵੀ ਪਿਆ ਸੀ ਤੇ ਗੇਅਰ ਕੋਲ ਸਮਾਨ ਰੱਖਣ ਲਈ ਬਣਿਆ ਬੋਕਸ ਵੀ ਟੁੱਟਾ ਪਿਆ ਸੀ ਤੇ ਉਸ ਪਈ 3- 4 ਹਜ਼ਾਰ ਦੀ ਨਗਦੀ ਵੀ ਗਾਇਬ ਸੀ। ਇਸ ਬਾਰੇ ਮਾਜਰੀ ਥਾਣਾ ਪੁਲਿਸ ਨੂੰ ਜਾਣਕਾਰੀ ਦੇਣ ਤੇ ਮੁਲਾਜ਼ਮਾਂ ਨੇ ਪੁੱਜਕੇ ਮੌਕੇ ਦਾ ਜਾਇਜ਼ਾ ਲਿਆ। ਇਸ ਬਾਰੇ ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਕਿਹਾ ਕਿ ਇਸ ਮਾਰਕੀਟ ‘ਚ ਨਸ਼ੇੜੀਆਂ ਵੱਲੋਂ ਕਈ ਵਾਰ ਦੁਕਾਨਾਂ ਦੇ ਸ਼ਟਰ ਵੀ ਤੋੜੇ ਜਾ ਚੁੱਕੇ ਹਨ ਅਤੇ ਚੋਰੀ ਦੀਆਂ ਹੋਰ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਨੇ। ਇਸ ਲਈ ਇਸ ਮਾਰਕੀਟ ‘ਚ ਕੈਮਰਿਆਂ ਤੇ ਪੁਲਿਸ ਮੁਲਾਜ਼ਮ ਤੈਨਾਤ ਕਰਨ ਦਾ ਪ੍ਰਬੰਧ ਕੀਤਾ ਜਾਵੇ।
