ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵਿਰੋਧੀਆਂ ‘ਤੇ ਲਗਾਏ ਗੰਭੀਰ ਦੋਸ਼

ਫਤਿਹਗੜ੍ਹ ਸਾਹਿਬ ( ਰਾਜਿੰਦਰ ਸਿੰਘ ਭੱਟ )- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 8, ਵਾਰਡ ਨੰਬਰ 9 ਅਤੇ ਵਾਰਡ ਨੰਬਰ 10 ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮੌਕੇ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਮੋਟਰਸਾਈਕਲ ਮਾਰਚ ਦੌਰਾਨ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨਾਲ ਸੰਪਰਕ ਕਰਦੇ ਹੋਏ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਣਗੇ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹਨ ਅਤੇ ਹੁਣ ਬਦਲਾਅ ਚਾਹੁੰਦੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਡ ਨੰਬਰ 9 ਦੀ ਉਮੀਦਵਾਰ ਪ੍ਰਿੰਕਾ ਸ਼ਰਮਾ ਦੇ ਪਤੀ ਪੰਕਜ ਸ਼ਰਮਾ ਅਤੇ ਸੀਨੀਅਰ ਅਕਾਲੀ ਆਗੂ ਡਾ ਪ੍ਰਿਤਪਾਲ ਸਿੰਘ ਨੇ ਵਿਰੋਧੀ ਪਾਰਟੀਆਂ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਆਪਣੀ ਕਰਾਰੀ ਹਾਰ ਨੂੰ ਦੇਖਦੇ ਹੋਏ ਘਬਰਾਏ ਹੋਏ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਵਿੱਚ ਅਕਾਲੀ ਦਲ ਲਈ ਭਾਰੀ ਸਮਰਥਨ ਹੈ ਅਤੇ ਹਰ ਵਰਗ ਦੇ ਲੋਕ ਪਾਰਟੀ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।
ਪੰਕਜ ਸ਼ਰਮਾ ਨੇ ਵਿਰੋਧੀਆਂ ਨੂੰ ਲਲਕਾਰਦਿਆਂ ਕਿਹਾ ਕਿ ਉਹ ਸਿੱਧੇ ਅਤੇ ਇਮਾਨਦਾਰ ਤਰੀਕੇ ਨਾਲ ਚੋਣ ਮੈਦਾਨ ਵਿੱਚ ਟੱਕਰ ਦੇਣ, ਕਿਉਂਕਿ ਲੋਕ ਹੁਣ ਝੂਠੇ ਵਾਅਦਿਆਂ ਅਤੇ ਭਰਮ ਫੈਲਾਉਣ ਵਾਲੀ ਰਾਜਨੀਤੀ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਪੱਖ ਵੱਲੋਂ ਕਈ ਥਾਵਾਂ ‘ਤੇ ਅਕਾਲੀ ਦਲ ਦੇ ਪੋਸਟਰਾਂ ਅਤੇ ਬੋਰਡਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਹ ਹਾਰ ਦੇ ਡਰ ਕਾਰਨ ਬੁਖਲਾਟ ਵਿੱਚ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਲੋਕਾਂ ਦਾ ਮਿਲ ਰਿਹਾ ਭਰਵਾਂ ਸਮਰਥਨ ਇਹ ਸਾਬਤ ਕਰ ਰਿਹਾ ਹੈ ਕਿ ਇਸ ਵਾਰ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਦਰਜ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਵਾਰਡ ਨੰਬਰ 8 ਤੋਂ ਉਮੀਦਵਾਰ ਰਣਜੋਧਵੀਰ ਸਿੰਘ, ਵਾਰਡ ਨੰਬਰ 10 ਤੋਂ ਉਮੀਦਵਾਰ ਤੇਜਿੰਦਰ ਸਿੰਘ ਕੋਹਲੀ, ਸਿਮਰਨਜੀਤ ਸਿੰਘ ਸਨੀ, ਅਮਰੀਕ ਸਿੰਘ, ਇਸ਼ਾਤ ਸ਼ਰਮਾ, ਅਸ਼ੋਕ ਸ਼ਰਮਾ, ਸਚਿਨ ਸ਼ਰਮਾ, ਭਰਤ ਸ਼ਰਮਾ, ਡਾ ਸੌਰਵ ਸ਼ਰਮਾ, ਸੰਜੇ ਐਗਰੀਸ, ਪੁਨੀਤ ਸ਼ਰਮਾ, ਅੰਸ਼, ਵੰਸ਼, ਪਸ਼ਾਂਸ਼, ਕਾਲਾ ਮੰਤਰੀ, ਗੁਰਪ੍ਰੀਤ ਰਿੱਕੀ, ਸੋਨੀ, ਨੀਰਜ ਕੁਮਾਰ ਸੋਨੀ, ਦੀਨਾ ਆਦੀ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਸਨ।
