ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ਼ ਜੁੜੇ ਇਤਿਹਾਸਕ ਪਹਿਲੂਆਂ ਬਾਰੇ ਕੀਤਾ ਗਿਆ ਖੋਜ ਕਾਰਜ

0

ਪਟਿਆਲਾ, (ਰਾਜਿੰਦਰ ਸਿੰਘ ਥਿੰਦ) ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਖੋਜਾਰਥੀ ਡਾ. ਸਤਵੀਰ ਕੌਰ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ਼ ਜੁੜੇ ਇਤਿਹਾਸਕ ਪਹਿਲੂਆਂ ‘ਤੇ ਕੀਤੇ ਗਏ ਖੋਜ ਕਾਰਜ ਦੌਰਾਨ ਅਹਿਮ ਨਤੀਜੇ ਸਾਹਮਣੇ ਆਏ ਹਨ। ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਤੋਂ ਡਾ. ਗੁਰਪ੍ਰੀਤ ਕੌਰ ਬਰਾੜ ਦੀ ਨਿਗਰਾਨੀ ਹੇਠ ਮੁਕੰਮਲ ਹੋਏ ਇਸ ਖੋਜ ਕਾਰਜ ਸਬੰਧੀ ਇੱਕ ਅਹਿਮ ਖੋਜ-ਪੱਤਰ ਪੰਜਾਬੀ ਯੂਨੀਵਰਸਿਟੀ ਦੇ ਵੱਕਾਰੀ ਰੈਫਰੀਡ ਜਰਨਲ ‘ਖੋਜ ਪੱਤ੍ਰਿਕਾ’ (ਅੰਕ 87)ਵਿੱਚ ਵੀ ਪ੍ਰਕਾਸ਼ਿਤ ਹੋਇਆ ਹੈ।

ਡਾ. ਗੁਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਇਹ ਖੋਜ ਕਾਰਜ ਮੁੱਖ ਰੂਪ ਵਿੱਚ ਇਸ ਗੱਲ ਨੂੰ ਜਾਣਨ ਵਿੱਚ ਰੁਚਿਤ ਸੀ ਕਿ ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਪਹਿਲਾਂ ਇਤਿਹਾਸ ਵਿੱਚ ਅਣਗੌਲ਼ਿਆਂ ਕੀਤਾ ਗਿਆ ਅਤੇ ਫਿਰ ਇੱਕ ਸਮੇਂ ਬਾਅਦ ਕਿਵੇਂ ਉਹ ਇਕਦਮ ਚਰਚਾ ਦਾ ਵਿਸ਼ਾ ਬਣਨਾ ਸ਼ੁਰੂ ਹੋਏ ਅਤੇ ਫ਼ਿਲਮ ਤੋਂ ਲੈ ਕੇ ਨਾਵਲ ਵਰਗੀਆਂ ਸਾਹਿਤਕ ਵਿਧਾਵਾਂ ਰਾਹੀਂ ਉਨ੍ਹਾਂ ਨੂੰ ਨਾਇਕ ਵਜੋਂ ਉਭਾਰਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਪੜਚੋਲਣ ਦਾ ਯਤਨ ਕੀਤਾ ਗਿਆ ਕਿ ਕਿਵੇਂ ਪਰਵਾਸ ਹੰਢਾਉਂਦੇ ਪੰਜਾਬੀ ਮਨੁੱਖ ਨੇ ਆਪਣੀ ਅਸਲ ਪਛਾਣ ਅਤੇ ਓਪਰੇ ਸਮਾਜਾਂ ਵਿੱਚ ਮਜ਼ਬੂਰੀਵੱਸ ਬਣੀ ਸਿਰਜਿਤ ਪਛਾਣ ਦੇ ਦਵੰਦ ਨੂੰ ਮਹਾਰਾਜਾ ਦਲੀਪ ਸਿੰਘ ਦੀ ਪਛਾਣ ਦੇ ਸੰਕਟ ਨਾਲ਼ ਜੋੜ ਕੇ ਵੇਖਦਿਆਂ ਉਨ੍ਹਾਂ ਨਾਲ਼ ਵਿਸ਼ੇਸ਼ ਤਰ੍ਹਾਂ ਦਾ ਲਗਾਓ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਅਧਿਐਨ ਰਾਹੀਂ ਮਹਾਰਾਜਾ ਦਲੀਪ ਸਿੰਘ ਨੂੰ ਮਹਿਜ਼ ਇੱਕ ਇਤਿਹਾਸਕ ਪਾਤਰ ਵਜੋਂ ਨਹੀਂ, ਸਗੋਂ ਉਸ ਦੇ ਦੁਆਲੇ ਬੁਣੇ ਗਏ ਵੱਖ-ਵੱਖ ‘ਬਿਰਤਾਂਤਾਂ’ ਦੇ ਆਰ-ਪਾਰ ਵੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਖੋਜ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬਸਤੀਵਾਦੀ (ਅੰਗਰੇਜ਼ੀ) ਹਾਕਮਾਂ ਨੇ ਆਪਣੇ ਹਿਤਾਂ ਲਈ ਦਲੀਪ ਸਿੰਘ ਨੂੰ ਇੱਕ ‘ਈਸਾਈ ਜੈਂਟਲਮੈਨ’ ਵਜੋਂ ਪੇਸ਼ ਕੀਤਾ, ਜਦਕਿ ਦੂਜੇ ਪਾਸੇ ਪੰਜਾਬੀ ਚੇਤਨਾ ਵਿੱਚ ਉਹ ‘ਤ੍ਰਾਸਦਿਕ ਨਾਇਕ’ ਵਜੋਂ ਉੱਭਰੇ। ਇੱਕ ਸਮੇਂ ਬਾਅਦ ਪੰਜਾਬੀ ਚੇਤਨਾ ਨੇ ਕਿਵੇਂ ਉਨ੍ਹਾਂ ਨਾਲ਼ ਵਿਸ਼ੇਸ ਤਰ੍ਹਾਂ ਦਾ ਲਗਾਓ, ਜੁੜਾਅ, ਇਕਮਿਕਤਾ ਮਹਿਸੂਸ ਕਰਦਿਆਂ ਉਨ੍ਹਾਂ ਦੇ ਅਸਲ ਯਥਾਰਥ ਨੂੰ ਨੇੜਿਓਂ ਮਹਿਸੂਸਿਆ ਅਤੇ ਜਾਣਿਆ। ਉਨ੍ਹਾਂ ਕਿਹਾ ਕਿ ਇਹ ਖੋਜ ਸਿੱਖ ਰਾਜ ਦੇ ਪਤਨ ਤੋਂ ਬਾਅਦ ਪੰਜਾਬੀ ਪਛਾਣ ਦੇ ਸੰਕਟ ਅਤੇ ਉਸਾਰੀ ਦੀਆਂ ਵੱਖ-ਵੱਖ ਪਰਤਾਂ ਨੂੰ ਬਾਖ਼ੂਬੀ ਫੋਲਦੀ ਅਤੇ ਪੜਚੋਲਦੀ ਹੈ। 

ਖੋਜਾਰਥੀ ਡਾ. ਸਤਵੀਰ ਕੌਰ ਨੇ ਕਿਹਾ ਕਿ ਇਤਿਹਾਸਕ ਦਸਤਾਵੇਜ਼ਾਂ ਦੇ ਨਾਲ- ਨਾਲ ਫਿਲ਼ਮ ਅਤੇ ਸਾਹਿਤਕ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕਰਦਿਆਂ ਇਹ ਸਿੱਧ ਕੀਤਾ ਹੈ ਕਿ ਕਿਵੇਂ ਸੱਤਾ ਅਤੇ ਰਾਜਨੀਤੀ ਕਿਸੇ ਪਾਤਰ ਦੇ ਅਕਸ ਨੂੰ ਲੋੜ ਅਨੁਸਾਰ ਸਿਰਜਦੀ ਜਾਂ ਵਿਗਾੜਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦਾ ਮੁੱਖ ਮਕਸਦ ਇਹ ਪਛਾਣਨਾ ਵੀ ਸੀ ਕਿ ਮਹਾਰਾਜਾ ਦਲੀਪ ਸਿੰਘ ਬਾਰੇ ਲਿਖੇ ਗਏ ਸਾਹਿਤ ਅਤੇ ਇਤਿਹਾਸ ਦੀ ਸਿਰਜਣਾ ਵਿੱਚ ਕਿਹੜੀਆਂ ਧਿਰਾਂ ਕੰਮ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਹ ਵੇਖਣ ਦੀ ਕੋਸ਼ਿਸ਼ ਕੀਤੀ ਹੈ ਗਈ ਕਿ ਜਨਮ ਤੋਂ ਲੈ ਕੇ ਮੌਤ ਤੱਕ ਅਤੇ ਉਸ ਤੋਂ ਬਾਅਦ ਅੱਜ ਦੇ ਦੌਰ ਤੱਕ, ਦਲੀਪ ਸਿੰਘ ਨੂੰ ਵੱਖ-ਵੱਖ ਸਮਿਆਂ ‘ਤੇ ਕਿਵੇਂ ਵੱਖ-ਵੱਖ ਰੂਪਾਂ ਵਿੱਚ ਸਿਰਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਰਾਹੀਂ ਵਿਜ਼ੂਅਲ ਕਲਚਰ ਅਤੇ ਟੈਕਸਟ ਦੇ ਆਪਸੀ ਸਬੰਧਾਂ ਨੂੰ ਵੀ ਪੜਚੋਲਿਆ ਗਿਆ ਹੈ, ਜੋ ਪੰਜਾਬੀ ਖੋਜ ਦੇ ਖੇਤਰ ਵਿੱਚ ਇੱਕ ਨਵਾਂ ਕਦਮ ਹੈ। ਉਨ੍ਹਾਂ ਦੱਸਿਆ ਕਿ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਤਿਹਾਸ ਦੇ ਪਾਤਰਾਂ ਦੇ ਅਕਸ ਨੂੰ ਬਦਲਣਾ ਕਿਸੇ ਕੌਮ ਦੀ ਪਛਾਣ ਨਾਲ਼ ਕਿਵੇਂ ਜੁੜਿਆ ਹੁੰਦਾ ਹੈ ਅਤੇ ਕਿਸ ਤਰ੍ਹਾਂ ਇਹ ਇੱਕ ਦੂਜੇ ‘ਤੇ ਅਸਰਅੰਦਾਜ਼ ਹੁੰਦੇ ਹਨ।

ਉਪ-ਕੁਲਪਤੀ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਕਾਰਜ ਸਾਡੇ ਮਾਣਮੱਤੇ ਇਤਿਹਾਸ ਦੇ ਇੱਕ ਸੰਵੇਦਨਸ਼ੀਲ ਅਧਿਆਇ ਨੂੰ ਨਵੀਂ ਰੌਸ਼ਨੀ ਵਿੱਚ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੇ ਬਿਰਤਾਂਤ ਰਾਹੀਂ ਪੰਜਾਬੀ ਮਾਨਸਿਕਤਾ ਨੂੰ ਸਮਝਣ ਪੱਖੋਂ ਵੀ ਇਹ ਕਾਰਜ ਵਿਸ਼ੇਸ਼ ਅਹਿਮੀਅਤ ਰਖਦਾ ਹੈ।

Leave a Reply

Your email address will not be published. Required fields are marked *