ਰਾਸ਼ਟਰ ਪੱਧਰੀ ਟੀਮ ਵੱਲੋਂ ਅੰਮ੍ਰਿਤਸਰ ਵਿੱਚ ਜਨਗਣਨਾ 2026-27 ਦੇ ਕੰਮਾਂ ਦਾ ਜਾਇਜ਼ਾ

0

ਅੰਮ੍ਰਿਤਸਰ,   ( ਮਨਜੀਤ ਸਿੰਘ ਸ਼ੇਰਗਿੱਲ) – ਭਾਰਤ ਦੇ ਰਜਿਸਟਰਾਰ ਜਨਰਲ (ਆਰ.ਜੀ.ਆਈ.), ਜਨਗਣਨਾ ਵਿਭਾਗ, ਨਵੀਂ ਦਿੱਲੀ ਅਤੇ ਜਨਗਣਨਾ ਦਫ਼ਤਰ ਚੰਡੀਗੜ੍ਹ ਦੀ ਇੱਕ ਰਾਸ਼ਟਰੀ ਪੱਧਰੀ ਟੀਮ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਬਲਾਕਾਂ ਵਿੱਚ ਚੱਲ ਰਹੀ ਜਨਗਣਨਾ 2026-27 ਸਬੰਧੀ ਗਤੀਵਿਧੀਆਂ ਦਾ ਦੌਰਾ ਕਰਕੇ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਉੱਚ ਪੱਧਰੀ ਟੀਮ ਵਿੱਚ ਸ੍ਰੀ ਹਰਮੀਤ ਸਿੰਘ ਮੱਧ, ਜੁਆਇੰਟ ਡਾਇਰੈਕਟਰ, ਸ੍ਰੀ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ, ਸਹਾਇਕ ਡਾਇਰੈਕਟਰ, ਸ੍ਰੀ ਜੈ ਨਾਰਾਇਣ, ਸਟੈਟਿਸਟਿਕਲ ਇਨਵੈਸਟੀਗੇਟਰ-1, ਸ੍ਰੀ ਸੁਨੀਲ ਕੁਮਾਰ, ਸਹਾਇਕ ਖੋਜ ਅਫ਼ਸਰ, ਸ੍ਰੀ ਅਰੁਣ ਮਹਾਜਨ, ਡਿਪਟੀ ਸਟੈਟਿਸਟਿਕਲ ਅਫ਼ਸਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਸ੍ਰੀ ਰਾਜਵਿੰਦਰ ਸਿੰਘ ਚਿਮਨੀ, ਮਾਸਟਰ ਟ੍ਰੇਨਰ ਜਨਗਣਨਾ ਸ਼ਾਮਲ ਸਨ। ਦੌਰੇ ਦੌਰਾਨ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਚੱਲ ਰਹੇ ਜਨਗਣਨਾ ਕਾਰਜਾਂ ਦੀ ਪ੍ਰਗਤੀ, ਪ੍ਰਬੰਧਕੀ ਵਿਵਸਥਾਵਾਂ, ਮੈਦਾਨੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕੀਤਾ ਗਿਆ। ਟੀਮ ਨੇ ਜਨਗਣਨਾ ਸਬੰਧੀ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ, ਰਿਕਾਰਡ ਸੰਭਾਲ, ਤਕਨੀਕੀ ਪ੍ਰਬੰਧਾਂ ਅਤੇ ਟ੍ਰੇਨਿੰਗ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਟੀਮ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਦਲਵਿੰਦਰਜੀਤ ਸਿੰਘ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਦੌਰਾਨ ਜ਼ਿਲ੍ਹੇ ਵਿੱਚ ਜਨਗਣਨਾ 2026-27 ਦੇ ਕੰਮਾਂ ਦੀ ਮੌਜੂਦਾ ਪ੍ਰਗਤੀ ਅਤੇ ਲਾਗੂਕਰਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਜਨਗਣਨਾ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਂਦਾ ਜਾਣ ਅਤੇ ਨਿਰਧਾਰਿਤ ਸਮੇਂ ਅੰਦਰ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਰਣਨੀਤੀਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ ਸਬੰਧੀ ਸਾਰੇ ਕੰਮ ਭਾਰਤ ਸਰਕਾਰ ਅਤੇ ਜਨਗਣਨਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕੰਮ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਜ ਵਿੱਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦਾ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਨਗਣਨਾ ਦੇ ਅੰਕੜੇ ਦੇਸ਼ ਦੀ ਯੋਜਨਾਬੰਦੀ, ਵਿਕਾਸ ਕਾਰਜਾਂ ਅਤੇ ਭਵਿੱਖ ਦੀਆਂ ਨੀਤੀਆਂ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਇਸ ਪ੍ਰਕਿਰਿਆ ਨੂੰ ਪੂਰੀ ਸਹੀਤਾ ਅਤੇ ਜ਼ਿੰਮੇਵਾਰੀ ਨਾਲ ਪੂਰਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *