ਪ੍ਰਸ਼ਾਸਨਿਕ ਢਿੱਲ-ਮੱਠ ਕਾਰਨ ਪੰਜਾਬ ਦੇ ਅੰਤਰਰਾਸ਼ਟਰੀ ਰਾਈਫ਼ਲ ਸ਼ੂਟਰਾਂ ਦਾ ਭਵਿੱਖ ਖ਼ਤਰੇ ‘ਚ, ਅਸਲਾ ਲਾਇਸੈਂਸ ਰੀ-ਨਿਊ ਨਾ ਹੋਣ ਕਾਰਨ ਪ੍ਰੈਕਟਿਸ ਠੱਪ

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬ ਦੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਭਾਰਤੀ ਰਾਈਫ਼ਲ ਸ਼ੂਟਿੰਗ ਟੀਮ ਵਿੱਚ ਸ਼ਾਮਲ ਪੰਜਾਬ ਦੇ ਨਾਮਵਰ ਖਿਡਾਰੀਆਂ ਨੂੰ ਆਪਣੇ ਸਪੋਰਟਸ ਅਸਲਾ ਲਾਇਸੈਂਸਾਂ ਦੇ ਨਵੀਂਕਰਨ ਵਿੱਚ ਬਹੁਤ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨਿਕ ਦੇਰੀ ਕਾਰਨ ਲਾਇਸੈਂਸ ਰੀ-ਨਿਊ ਨਾ ਹੋਣ ਕਰਕੇ ਖਿਡਾਰੀਆਂ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।ਸੂਤਰਾਂ ਮੁਤਾਬਕ,ਭਾਰਤੀ ਟੀਮ ਲਈ ਚੁਣੇ ਗਏ ਪੰਜਾਬ ਦੇ ਇਹਨਾਂ ਉੱਚ-ਕੋਟੀ ਦੇ ਨਿਸ਼ਾਨੇਬਾਜ਼ਾਂ ਨੇ ਜਲਦੀ ਹੀ ਹੋਣ ਵਾਲੀਆਂ ਏਸ਼ੀਅਨ ਗੇਮਜ਼ ਅਤੇ ਵਰਲਡ ਚੈਂਪੀਅਨਸ਼ਿਪ ਵਰਗੇ ਵੱਕਾਰੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੈ।ਪਰ ਲਾਇਸੈਂਸਾਂ ਦੇ ਨਵੀਂਕਰਨ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਖਿਡਾਰੀਆਂ ਲਈ ਨਵਾਂ ਐਮੂਨੇਸ਼ਨ (ਗੋਲਾ-ਬਰੂਦ) ਇੰਪੋਰਟ ਕਰਨਾ ਅਸੰਭਵ ਹੋ ਗਿਆ ਹੈ। ਖੇਡ ਸੂਤਰਾਂ ਦਾ ਕਹਿਣਾ ਹੈ ਕਿ ਬਿਨਾਂ ਐਮੂਨੇਸ਼ਨ ਅਤੇ ਅਸਲਾ ਦਸਤਾਵੇਜ਼ਾਂ ਦੇ ਖਿਡਾਰੀ ਅਭਿਆਸ ਕਰਨ ਤੋਂ ਅਸਮਰੱਥ ਹਨ, ਜਿਸ ਨਾਲ ਦੇਸ਼ ਲਈ ਮੈਡਲ ਜਿੱਤਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।ਪਤਾ ਲੱਗਿਆ ਹੈ ਕਿ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਇੱਕ ਨਾਮਵਰ ਖਿਡਾਰੀ, ਜਿਸ ਨੇ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਦੀ ਝੋਲੀ ਵਿੱਚ ਵੱਡੇ ਮੈਡਲ ਪਾਏ ਹਨ ਅਤੇ ਦੇਸ਼ ਲਈ ਅੰਤਰਰਾਸ਼ਟਰੀ ਰਿਕਾਰਡ ਸਥਾਪਿਤ ਕੀਤੇ ਹਨ, ਉਹ ਵੀ ਇਸ ਵੇਲੇ ਪ੍ਰਸ਼ਾਸਨਿਕ ਪ੍ਰਕਿਰਿਆ ਦੇ ਫੇਰ ਵਿੱਚ ਫਸੇ ਹੋਏ ਹਨ। ਅਜਿਹੇ ਸਿਤਾਰਾ ਖਿਡਾਰੀਆਂ ਨਾਲ ਹੋ ਰਿਹਾ ਇਹ ਵਤੀਰਾ ਖੇਡ ਜਗਤ ਲਈ ਨਿਰਾਸ਼ਾਜਨਕ ਹੈ।ਸਪੋਰਟਸ ਅਸਲਾ ਲਾਇਸੈਂਸ ਰੀ-ਨਿਊ ਨਾ ਹੋਣਾ।ਐਮੂਨੇਸ਼ਨ (ਕਾਰਤੂਸ) ਇੰਪੋਰਟ ਕਰਨ ‘ਤੇ ਰੋਕ, ਜਿਸ ਕਾਰਨ ਪ੍ਰੈਕਟਿਸ ਬੰਦ।ਏਸ਼ੀਅਨ ਗੇਮਜ਼ ਅਤੇ ਵਰਲਡ ਚੈਂਪੀਅਨਸ਼ਿਪ।ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਦਖ਼ਲ ਦੇਣ ਦੀ ਮੰਗ ਖੇਡ ਮਾਹਰਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ,ਤਾਂ ਇਹਨਾਂ ਹੋਣਹਾਰ ਖਿਡਾਰੀਆਂ ਦਾ ਖੇਡ ਭਵਿੱਖ ਬਰਬਾਦ ਹੋ ਜਾਵੇਗਾ।ਖੇਡ ਪ੍ਰੇਮੀਆਂ ਨੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਖਿਡਾਰੀਆਂ ਦੀਆਂ ਇਹਨਾਂ ਪ੍ਰਸ਼ਾਸਨਿਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇ ਅਤੇ ਵਿਸ਼ੇਸ਼ ਕੇਸ ਵਜੋਂ ਤੁਰੰਤ ਲਾਇਸੈਂਸ ਰੀ-ਨਿਊ ਕਰਵਾ ਕੇ ਦਿੱਤੇ ਜਾਣ ਤਾਂ ਜੋ ਉਹ ਬਿਨਾਂ ਕਿਸੇ ਮਾਨਸਿਕ ਤਣਾਅ ਦੇ ਦੇਸ਼ ਲਈ ਸੋਨ ਤਗਮੇ ਜਿੱਤਣ ਦੀ ਤਿਆਰੀ ਕਰ ਸਕਣ।
