ਮਾਲ ਮੰਤਰੀ ਦੇ ਹਲਕੇ ਦੀ ਹੀ ਸਬ-ਤਹਿਸੀਲ ਦਾ ਪਾਵਰਕਾਮ ਨੇ ਕੁਨੈਕਸ਼ਨ ਕੱਟਿਆ, ਕੁੰਡੀ ਲਗਾ ਕੇ ਚੱਲ ਰਹੀ ਹੈ ਬਿਜਲੀ

2.45 ਲੱਖ ਰੁਪਏ ਬਿਜਲੀ ਬਿੱਲ ਦਾ ਬਕਾਇਆ
ਸਾਹਨੇਵਾਲ ਕੁਹਾੜਾ , 21 ਮਈ (ਰਵੀ ਭਾਟੀਆ ) – ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਮਾਲ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੂੰਡੀਆਂ ਦੇ ਹਲਕੇ ਕੂੰਮਕਲਾਂ ਸਬ-ਤਹਿਸੀਲ ਦਾ ਪਾਵਰਕਾਮ ਵਿਭਾਗ ਨੇ ਬਿਜਲੀ ਬਿੱਲ ਅਦਾ ਨਾ ਹੋਣ ਕਾਰਨ ਕੁਨੈਕਸ਼ਨ ਕੱਟ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਦਾ ਕੂੰਮਕਲਾਂ ਸਬ-ਤਹਿਸੀਲ ਵੱਲ 2 ਲੱਖ 45 ਹਜ਼ਾਰ ਰੁਪਏ ਬਿਜਲੀ ਬਿੱਲ ਬਕਾਇਆ ਹੈ। ਵਾਰ-ਵਾਰ ਕਹਿਣ ਦੇ ਬਾਵਜ਼ੂਦ ਵੀ ਜਦੋਂ ਬਿੱਲ ਦੀ ਅਦਾਇਗੀ ਨਾ ਹੋਈ ਤਾਂ ਅੱਜ ਪਾਵਰਕਾਮ ਦੇ ਕਰਮਚਾਰੀ ਸਬ-ਤਹਿਸੀਲ ਕੂੰਮਕਲਾਂ ਪੁੱਜੇ ਜਿਨ੍ਹਾਂ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਕੇ ਮੀਟਰ ਉਤਾਰ ਲਿਆ। ਬਿਜਲੀ ਕੁਨੈਕਸ਼ਨ ਕੱਟੇ ਜਾਣ ’ਤੇ ਸਬ-ਤਹਿਸੀਲ ਕੂੰਮਕਲਾਂ ਵਿਚ ਰਜਿਸਟਰੀਆਂ ਅਤੇ ਹੋਰ ਕੰਮ ਕਰਵਾਉਣ ਆਏ ਲੋਕ ਪ੍ਰੇਸ਼ਾਨ ਹੋਣੇ ਸ਼ੁਰੂ ਹੋ ਗਏ। ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਬੇਸ਼ੱਕ ਬਿਜਲੀ ਦੀ ਕੁੰਡੀ ਲਗਾ ਕੇ ਕੰਮ ਚਲਾਇਆ ਗਿਆ ਪਰ ਜਦੋਂ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਸਬ-ਤਹਿਸੀਲ ਦਾ ਕੁਨੈਕਸ਼ਨ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੱਟਿਆ ਹੋਇਆ ਹੈ ਤਾਂ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਪਾਵਰਕਾਮ ਨੇ ਅਦਾਇਗੀ ਸਬੰਧੀ ਕੋਈ ਨੋਟਿਸ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਅਧਿਕਾਰੀ ਬਿਜਲੀ ਕੁਨੈਕਸ਼ਨ ਕੱਟ ਗਏ ਸਨ ਜਿਸ ਤੋਂ ਬਾਅਦ ਲੋਕਾਂ ਦੀ ਪ੍ਰੇਸ਼ਾਨੀ ਸਬੰਧੀ ਐੱਸ.ਡੀ.ਓ. ਨਾਲ ਗੱਲਬਾਤ ਕੀਤੀ ਗਈ ਕਿ ਇੱਕ ਹਫ਼ਤੇ ’ਚ ਅਦਾਇਗੀ ਕਰ ਦਿੱਤੀ ਜਾਵੇਗੀ ਤਾਂ ਪਾਵਰਕਾਮ ਦੇ ਕਰਮਚਾਰੀ ਆਏ ਜੋ ਕੁਨੈਕਸ਼ਨ ਜੋੜ ਗਏ। ਇਸ ਸਬੰਧੀ ਪਾਵਰਕਾਮ ਦੇ ਐੱਸ.ਡੀ.ਓ. ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਸਬ ਤਹਿਸੀਲ ਕੂੰਮਕਲਾਂ ਦਾ ਕੁਨੈਕਸ਼ਨ ਕੱਟਿਆ ਗਿਆ ਸੀ ਪਰ ਕੰਮ ਕਰਵਾਉਣ ਲਈ ਆ ਰਹੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਸ ਨੂੰ ਦੁਬਾਰਾ ਜੋੜ ਦਿੱਤਾ ਗਿਆ ਹੈ।
ਬਿਜਲੀ ਕੁਨੈਕਸ਼ਨ ਕੱਟਣ ਪਿੱਛੇ ਵੀ ਚਰਚਾਵਾਂ ਸਾਹਮਣੇ ਆਈਆਂ
ਕੂੰਮਕਲਾਂ ਸਬ ਤਹਿਸੀਲ ਦਾ ਕੁਨੈਕਸ਼ਨ ਕਿਉਂ ਕੱਟਿਆ ਗਿਆ ਇਸ ਪਿੱਛੇ ਵੀ ਕੁਝ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਚਰਚਾ ਇਹ ਵੀ ਹੈ ਕਿ ਪਾਵਰਕਾਮ ਦੇ ਕਰਮਚਾਰੀ ਆਪਣੇ ਕੰਮ ਲਈ ਸਬ-ਤਹਿਸੀਲ ਕੂੰਮਕਲਾਂ ਗਏ ਜਿੱਥੇ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਗਿਆ। ਪਾਵਰਕਾਮ ਦੇ ਕਰਮਚਾਰੀਆਂ ਨੇ ਫਿਰ ਆਪਣੀ ‘ਪਾਵਰ’ ਦਿਖਾਉਂਦਿਆਂ ਬਿੱਲ ਦੀ ਅਦਾਇਗੀ ਨਾ ਕਰਨ ਵਾਲੀ ਸਬ-ਤਹਿਸੀਲ ਕੂੰਮਕਲਾਂ ਦਾ ਕੁਨੈਕਸ਼ਨ ਹੀ ਕੱਟ ਦਿੱਤਾ ਅਤੇ ਜਦੋਂ ਲੋਕਾਂ ਦੀ ਪ੍ਰੇਸ਼ਾਨੀ ਦਾ ਰੌਲਾ ਪੈਣ ਲੱਗਾ ਤਾਂ ਫਿਰ ਜੋੜ ਵੀ ਦਿੱਤਾ ਗਿਆ। ਬੇਸ਼ੱਕ ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਚਰਚਾਵਾਂ ਵਿਚ ਕੋਈ ਸੱਚਾਈ ਨਹੀਂ ਹੈ।
