ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਸਫਲ ਅਪਰੇਸ਼ਨ, ਡਾਕਟਰਾਂ ਦੀ ਟੀਮ ਨੇ ਹਾਸਲ ਕੀਤੀ ਵੱਡੀ ਕਾਮਯਾਬੀ

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਐੱਸ.ਐੱਮ.ਓ ਡਾਕਟਰ ਰਵੀ ਕਾਂਤ ਗੁਪਤਾ ਦੀ ਅਗਵਾਈ ਹੇਠ ਅੱਜ ਇੱਕ ਮਰੀਜ਼ ਦਾ ਵੱਡਾ ਅਪਰੇਸ਼ਨ ਸਫਲਤਾਪੂਰਵਕ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਗਈ। ਸਮੂਹ ਡਾਕਟਰਾਂ, ਸਟਾਫ ਨਰਸਾਂ ਅਤੇ ਕਰਮਚਾਰੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਗਾਇਨੀ ਮਾਹਿਰ ਡਾ. ਅੰਕਿਤਾ ਅਤੇ ਜਨਰਲ ਸਰਜਨ ਡਾ. ਲਵਕੇਸ਼ ਗੁਪਤਾ ਅਤੇ ਸਟਾਫ ਨਰਸ ਰਮਨਦੀਪ ਕੌਰ ਵੱਲੋਂ ਆਪਣੀ ਓਟੀ ਟੀਮ ਦੇ ਸਹਿਯੋਗ ਨਾਲ ਸਫਲ ਸਰਜਰੀ ਕਰਦਿਆਂ ਲਗਭਗ 2 ਕਿਲੋ ਭਾਰ ਦਾ ਟਿਊਮਰ (ਫਾਈਬਰਾਇਡ) ਕੱਢਿਆ ਗਿਆ। ਇਸ ਮੌਕੇ ਐੱਸ.ਐੱਮ.ਓ ਡਾਕਟਰ ਰਵੀ ਕਾਂਤ ਗੁਪਤਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵੱਡੀ ਉਪਲਬਧੀ ਲਈ ਸਮੂਹ ਟੀਮ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਸਖ਼ਤ ਮਿਹਨਤ ਅਤੇ ਪੂਰੀ ਲਗਨ ਨਾਲ ਸਫਲ ਅਪਰੇਸ਼ਨ ਕਰਕੇ ਮਰੀਜ਼ ਦੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਸਪਤਾਲ ਲਈ ਇੱਕ ਇਤਿਹਾਸਕ ਅਤੇ ਯਾਦਗਾਰ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਭਗ 14 ਮਹੀਨੇ ਪਹਿਲਾਂ ਹਲਕਾ ਵਿਧਾਇਕਾ ਅਤੇ ਕੈਬਨਿਟ ਰੈਂਕ ਪ੍ਰੋ. ਬਲਜਿੰਦਰ ਕੌਰ ਦੀ ਪੈਰਵਾਈ ਹੇਠ ਉਨ੍ਹਾਂ ਨੇ ਇਸ ਹਸਪਤਾਲ ਵਿੱਚ ਸੇਵਾਵਾਂ ਸੰਭਾਲੀਆਂ ਸਨ ਅਤੇ ਉਸ ਤੋਂ ਬਾਅਦ ਹਸਪਤਾਲ ਦੀ ਦਸ਼ਾ ਵਿੱਚ ਕਾਫ਼ੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਸਪਤਾਲ ਵਿੱਚ ਸਾਫ਼-ਸਫ਼ਾਈ ਅਤੇ ਸੁਚੱਜਾ ਪ੍ਰਬੰਧ ਯਕੀਨੀ ਬਣਾਇਆ ਗਿਆ ਹੈ, ਉੱਥੇ ਹੀ ਡਾਕਟਰਾਂ ਦੀ ਘਾਟ ਨੂੰ ਵੀ ਕਾਫ਼ੀ ਹੱਦ ਤੱਕ ਪੂਰਾ ਕੀਤਾ ਗਿਆ ਹੈ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਹਸਪਤਾਲ ਅੰਦਰੋਂ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਸਪਤਾਲ ਵਿੱਚ ਲੋਕਾਂ ਨੂੰ ਹੋਰ ਵਧੀਆ ਅਤੇ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਸਪਤਾਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
