ਪਿੰਡ ਸਿੰਘਪੁਰਾ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਬੱਚਾ ਅਗਵਾ

0

ਕੁਰਾਲੀ, 20 ਮਈ (ਰਾਜਾ ਸਿੰਘ ਭੰਗੂ)-ਸਥਾਨਕ ਸ਼ਹਿਰ ਨੇੜੇ ਇੱਕ ਸੀਨੀਅਰ ਵਕੀਲ ਤੇ ਗੋਲੀਆਂ ਨਾਲ ਹੋਏ ਜਾਨਲੇਵਾ ਹਮਲੇ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਅੱਜ ਇੱਥੋਂ ਨੇੜਲੇ ਪਿੰਡ ਸਿੰਘਪੁਰਾ ਵਿਖੇ ਇੱਕ ਬੱਚੀ ਲੜਕੀ ਦਾ ਉਸਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਅਗਵਾ ਹੋਣ ਦੀ ਘਟਨਾ ਦੀ ਵੀਡੀਓ ਨੂੰ ਲੈ ਕੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੇਵਾ ਮੁਕਤ ਅਧਿਆਪਕ ਭੁਪਿੰਦਰਪਾਲ ਕੌਰ ਵਾਸੀ ਸਿੰਘਪੁਰਾ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਵਿਆਹ 11 ਸਾਲ ਪਹਿਲਾਂ ਪ੍ਰਭਜੋਤ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀ ਪੁਰਖਾਲੀ ਜਿਲਾ ਰੋਪੜ ਨਾਲ ਹੋਇਆ ਸੀ ਅਤੇ ਉਨਾਂ ਦੇ ਇਸ ਵਿਆਹ ਤੋਂ ਦੋ ਬੱਚੇ ਹਨ, ਇਨਾਂ ਵਿੱਚ ਵੱਡੀ ਲੜਕੀ ਗੋਦ ਲਈ ਸੀ, ਹੁਣ ਕਰੀਬ 6 ਮਹੀਨੇ ਪਹਿਲਾਂ ਮੇਰੀ ਨੂੰਹ ਮੇਰੇ ਲੜਕੇ ਨਾਲ ਲੜਾਈ ਝਗੜਾ ਕਰਕੇ ਮੇਰੇ 9 ਮਹੀਨੇ ਦੇ ਪੋਤੇ ਨੂੰ ਅਪਣੇ ਪੇਕੇ ਚਲੀ ਗਈ ਅਤੇ ਉਸ ਨੇ ਉਨਾਂ ਖਿਲਾਫ ਮਾਣਯੋਗ ਅਦਾਲਤ ਵਿੱਚ ਲੜਕੀ ਨੂੰ ਲੈਣ ਲਈ ਕੇਸ ਦਾਇਰ ਕੀਤਾ ਹੋਇਆ ਹੈ, ਜਿਹੜੀ ਕਿ ਸਾਡੇ ਕੋਲ ਰਹਿ ਰਹੀ ਹੈ। ਉਨਾਂ ਦੱਸਿਆ ਕਿ ਅੱਜ ਮੇਰਾ ਘਰ ਵਾਲਾ ਤੇ ਉਹ ਖੁਦ ਲੜਕੀ ਨੂੰ ਕੁਰਾਲੀ ਦੇ ਸਕੂਲ ਵਿੱਚੋਂ ਛੁੱਟੀ ਹੋਣ ਉਪਰੰਤ ਘਰ ਲੈਕੇ ਆ ਰਹੇ ਹਨ। ਇਸ ਦੌਰਾਨ ਜਦੋਂ ਅਸੀ ਅਪਣੇ ਘਰ ਦੇ ਗੇਟ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਇੱਕ ਵਿਅਕਤੀ ਤੇ ਇੱਕ ਔਰਤ ਜਿਨਾਂ ਨੇ ਅਪਣਾ ਮੂੰਹ ਢਕਿਆ ਹੋਇਆ ਸੀ , ਸਾਡੀ ਸਕੂਟਰੀ ਅੱਗੇ ਆਕੇ ਮੇਰੀ ਪੋਤੀ ਨੂੰ ਜਬਰਦਸਤੀ ਖੋਹਣ ਲੱਗੇ , ਜਦੋ ਉਹ ਰੋਲਾ ਪਾਉਣ ਲੱਗੇ ਤਾਂ ਪਿੱਛੋਂ ਅਚਾਨਕ ਇੱਕ ਹੋਰ ਕਾਰ ਆ ਰੁਕੀ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਨਾਂ ਵਿੱਚ ਤਿੰਨ ਵਿਅਕਤੀ ਤੇ ਇੱਕ ਔਰਤ ਬੈਠੀ ਸੀ ਜਿਸ ਦਾ ਮੁੰਹ ਢਕਿਆ ਹੋਇਆ ਸੀ। ਇਸ ਦੌਰਾਨ ਉਨਾਂ ਵਿਅਕਤੀਆਂ ਨੇ ਮੇਰੀ ਪੋਤੀ ਖੋਹਕੇ ਅਪਣੇ ਕਾਰ ਵਿੱਚ ਭੱਜਣ ਲੱਗੇ ਤਾਂ ਉਨਾਂ ਗੱਡੀ ਰੋਕਣ ਦੀ ਕੋਸ਼ਿਸ ਕੀਤੀ ਪਰੰਤੁ ਉਹ ਭੱਜਣ ਵਿੱਚ ਕਾਮਯਬ ਹੋ ਗਏ। ਇਸ ਘਟਨਾ ਦੌਰਾਨ ਉਨਾਂ ਨੂੰ ਸੱਟਾਂ ਵੀ ਲੱਗੀਆਂ। ਇਸ ਦੌਰਾਨ ਉਨਾਂ ਨੂੰ ਕੁਰਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨਾਂ ਦੱਸਿਆ ਉਕਤ ਵਿਅਕਤੀਆਂ ਦੀ ਉਨਾਂ ਵੱਲੋਂ ਪਛਾਣ ਕਰ ਲਈ ਗਈ ਹੈ। ਇਸ ਸਬੰਧੀ ਕੁਰਾਲੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਸਥਾਨਕ ਪੁਲਸ ਨੇ ਕਥਿਤ ਦੋਸ਼ੀ ਸੰਦੀਪ ਕੁਮਾਰ ਵਾਸੀ ਕੁਰੜੀ, ਗੁਰਦਰਸ਼ਨ ਸਿੰਘ, ਬਿਕਰਮਜੀਤ ਸਿੰਘ ਦੋਵੇਂ ਪੁਰਖਾਲੀ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਰਾਵਾਂ ਲਾਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *