ਨੀਟ ਪੇਪਰ ਲੀਕ ਮਾਮਲੇ ‘ਚ ਗ੍ਰਿਫ਼ਤਾਰ ਮਨੀਸ਼ਾ ਮੰਧਾਰੇ ਨੂੰ 14 ਦਿਨਾਂ ਦੀ ਹਿਰਾਸਤ ‘ਚ ਭੇਜਿਆ

ਸੀਬੀਆਈ ਨੇ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 17 ਮਈ (ਨਿਊਜ਼ ਟਾਊਨ ਨੈਟਵਰਕ) : ਸੀਬੀਆਈ ਨੇ ਨੀਟ ਯੂਜੀ 2026 ਪੇਪਰ ਲੀਕ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਨੌਵੇਂ ਮੁਲਜ਼ਮ ਨੂੰ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਅਧਿਆਪਕਾ ਮਨੀਸ਼ਾ ਮੰਧਾਰੇ ਨੂੰ 14 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ। ਪੁਣੇ ਦੀ ਲੈਕਚਰਾਰ ਮਨੀਸ਼ਾ ਨੂੰ ਦਿੱਲੀ ਸਥਿਤ ਸੀਬੀਆਈ ਹੈੱਡਕੁਆਰਟਰ ਵਿੱਚ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਏਜੰਸੀ ਦਾ ਦਾਅਵਾ ਹੈ ਕਿ ਮੰਧਾਰੇ ਐਨਟੀਏ ਦੀ ਪੇਪਰ-ਸੈਟਿੰਗ ਕਮੇਟੀ ਦਾ ਹਿੱਸਾ ਸੀ। ਮੰਧਾਰੇ ਨੂੰ ਪਤਾ ਸੀ ਕਿ ਪ੍ਰੀਖਿਆ ਵਿੱਚ ਕਿਹੜੇ ਸਵਾਲ ਆਉਣਗੇ। ਉਹ ਪ੍ਰੀਖਿਆ ਤੋਂ ਪਹਿਲਾਂ ਪੁਣੇ ਵਿੱਚ ਇੱਕ ਵਿਸ਼ੇਸ਼ ਕੋਚਿੰਗ ਕਲਾਸ ਚਲਾਉਂਦੀ ਸੀ, ਜਿੱਥੇ ਉਸਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੰਧਾਰੇ ਨੇ ਪੁਣੇ ਤੋਂ ਗ੍ਰਿਫ਼ਤਾਰ ਕੀਤੀ ਗਈ ਬਿਊਟੀਸ਼ੀਅਨ ਮਨੀਸ਼ਾ ਵਾਘਮਾਰੇ ਰਾਹੀਂ ਨੀਟ ਦੇ ਉਮੀਦਵਾਰਾਂ ਨੂੰ ਆਪਣੇ ਕੋਚਿੰਗ ਇੰਸਟੀਚਿਊਟ ਵਿੱਚ ਦਾਖਲਾ ਦਿਵਾਇਆ ਸੀ। ਹੁਣ ਤੱਕ, ਸੀਬੀਆਈ ਨੇ ਇਸ ਮਾਮਲੇ ਵਿੱਚ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆਨਗਰ ਤੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਦੇ ਅਨੁਸਾਰ ਮਨੀਸ਼ਾ ਮੰਧਾਰੇ ਅਤੇ ਮਨੀਸ਼ਾ ਵਾਘਮਾਰੇ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਲੀਕ ਹੋਏ ਪ੍ਰੀਖਿਆ ਪੇਪਰ ਮੁਹੱਈਆ ਕਰਵਾਉਣ ਦੇ ਬਦਲੇ ਲੱਖਾਂ ਰੁਪਏ ਲਏ ਸਨ। ਵਾਘਮਾਰੇ ਨੇ ਬਾਅਦ ਵਿੱਚ ਪੇਪਰ ਆਪਣੇ ਸੰਪਰਕਾਂ ਵਿੱਚ ਹੋਰ ਲੋਕਾਂ ਨੂੰ ਵੰਡ ਦਿੱਤੇ। ਵਾਘਮਾਰੇ ਨੂੰ 14 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
