ਨਸ਼ੇੜੀਆਂ ਨੇ ਬਜ਼ੁਰਗ ਔਰਤ ਦਾ ਕੀਤਾ ਕਤਲ, ਮਾਰਨ ਤੋਂ ਬਾਅਦ ਪੇਟੀ ‘ਚ ਬੰਦ ਕੀਤੀ ਲਾਸ਼

0

ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀਤੀ ਗਈ ਵਾਰਦਾਤ

ਝੁਨੀਰ, 17 ਮਈ (ਨਿਊਜ਼ ਟਾਊਨ ਨੈਟਵਰਕ) : ਦਿਨੋ ਦਿਨ ਨਸ਼ੇ ਦੇ ਵਾਧੇ ਰੁਝਾਨ ਕਰ ਕੇ ਜਿੱਥੇ ਹਰ ਰੋਜ਼ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਹਨ ਹੁਣ ਉਹੀ ਲੁੱਟ ਖੋਹ ਦੀਆਂ ਵਾਰਦਾਤਾਂ ਕਤਲ ਤਕ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆ ਵਿਖੇ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਬਜ਼ੁਰਗ ਔਰਤ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰੰਤੂ ਉਸ ਬਾਰੇ ਕੁੱਝ ਪਤਾ ਨਹੀਂ ਚੱਲ ਰਿਹਾ ਸੀ। ਪਰਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਸੁਖਦੇਵ ਕੌਰ ਪਤਨੀ ਭਜਨ ਸਿੰਘ ਵਾਸੀ ਜੌੜਕੀਆਂ ਸਵੇਰੇ ਅਪਣੇ ਘਰੋਂ ਗੁਰਦੁਆਰਾ ਸਾਹਿਬ ਜੌੜਕੀਆਂ ਵਿਖੇ ਮੱਥਾ ਟੇਕਣ ਗਈ ਪ੍ਰੰਤੂ ਵਾਪਸ ਨਹੀਂ ਆਈ। ਪਰਵਾਰ ਤੇ ਪਿੰਡ ਵਾਸੀਆਂ ਨੇ ਜਦ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਕੁਝ ਕੈਮਰਿਆਂ ਤੋਂ ਮਾਤਾ ਇਕ ਰਸਤੇ ਰਾਹੀਂ ਘਰ ਵਲ ਜਾਂਦੀ ਦਿਖਾਈ ਦਿਤੀ ਪਰੰਤੂ ਘਰ ਨਹੀਂ ਪਹੁੰਚੀ। ਸ਼ੱਕ ਦੇ ਅਧਾਰ ’ਤੇ ਕੁਝ ਘਰਾਂ ਦੀ ਪੁਲਿਸ ਵਲੋਂ ਤਲਾਸ਼ੀ ਵੀ ਲਈ ਗਈ ਤੇ ਇਕ ਘਰ ਅੰਦਰ ਪਈ ਇਕ ਪੇਟੀ ਵਿਚੋਂ ਸੁਖਦੇਵ ਕੌਰ ਦੀ ਲਾਸ਼ ਮਿਲੀ ਜੋ ਕਿ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਮੁੱਢਲੀ ਤਫ਼ਤੀਸ਼ ਅਨੁਸਾਰ ਸੁਖਦੇਵ ਕੌਰ ਦਾ ਕਤਲ ਕੁਝ ਨੌਜਵਾਨਾਂ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਕੰਨਾਂ ਅਤੇ ਹੱਥਾਂ ਵਿਚ ਕੁਝ ਸੋਨਾ ਪਾਇਆ ਹੋਇਆ ਸੀ ਪਰੰਤੂ ਜਦੋਂ ਲਾਸ਼ ਬਰਾਮਦ ਕੀਤੀ ਗਈ ਤਾਂ ਉਹ ਸਾਰੇ ਗਹਿਣੇ ਗ਼ਾਇਬ ਸਨ। ਪਿੰਡ ਦੇ ਹੀ ਨੌਜਵਾਨਾਂ ਵਲੋਂ ਇਸ ਤਰ੍ਹਾਂ ਪਿੰਡ ਦੀ ਹੀ ਇਕ ਬਜ਼ੁਰਗ ਔਰਤ ਨੂੰ ਅਪਣੇ ਲਾਲਚ ਲਈ ਕਤਲ ਕਰਨ ਦੇਣ ਦੀ ਘਟਨਾ ਨੇ ਪੂਰੇ ਪਿੰਡ ਨੂੰ ਝੰਝੋੜ ਕੇ ਰੱਖ ਦਿਤਾ। ਇਸ ਬਾਰੇ ਥਾਣਾ ਜੌੜਕੀਆਂ ਦੇ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੇ ਦਸਿਆ ਕਿ ਜਗਸੀਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਜੌੜਕੀਆਂ ਦੇ ਘਰ ਅੰਦਰ ਪਈ ਪੇਟੀ ਦੇ ਵਿਚੋਂ ਇਹ ਲਾਸ਼ ਬਰਾਮਦ ਹੋਈ ਹੈ। ਫ਼ਾਰੈਂਸਿਕ ਟੀਮ ਨੇ ਵੀ ਲਾਸ਼ ਦੀ ਚੰਗੀ ਤਰ੍ਹਾਂ ਪੜਤਾਲ ਕਰ ਲਈ ਹੈ ਅਤੇ ਉਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਹੁਣ ਤਕ ਦੀ ਜਾਂਚ ਦੇ ਅਧਾਰ ’ਤੇ ਪਰਚਾ ਦਰਜ ਕਰ ਦਿਤਾ ਗਿਆ ਹੈ ਅਤੇ ਬਾਕੀ ਜਾਂਚ ਪੂਰੀ ਹੋਣ ਤੋਂ ਬਾਅਦ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋਣ ਤੇ ਬਣਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *