ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ‘ਚ ਸੋਕੇ ਦੇ ਆਸਾਰ

ਦਖਣੀ ਭਾਰਤ ਵਿਚ ਹੜ੍ਹ ਦਾ ਖ਼ਤਰਾ, ਤਿਆਰੀਆਂ ਕਰਨ ਦੀ ਸਲਾਹ
ਨਵੀਂ ਦਿੱਲੀ, 17 ਮਈ (ਨਿਊਜ਼ ਟਾਊਨ ਨੈਟਵਰਕ) : ਭਾਰਤ ਵਿਚ ਇਸ ਸਾਲ ਮਾਨਸੂਨ ਨੂੰ ਲੈ ਕੇ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ 2026 ਦੇ ਦੱਖਣ-ਪਛਮੀ ਮਾਨਸੂਨ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਮਾਹਰਾਂ ਮੁਤਾਬਕ ਪ੍ਰਸ਼ਾਂਤ ਮਹਾਂਸਾਗਰ ਵਿਚ ਐਲ ਨੀਨੋ ਦੇ ਮਜ਼ਬੂਤ ਹੋਣ ਕਾਰਨ ਮਾਨਸੂਨ ਦੇ ਦੂਜੇ ਅੱਧ ਵਿਚ ਮੀਂਹ ਦੇ ਪੈਟਰਨ ਵਿਚ ਵੱਡੀ ਗੜਬੜੀ ਆ ਸਕਦੀ ਹੈ। ਇਸ ਮੌਸਮ ਪ੍ਰਣਾਲੀ ਦੇ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਖੇਤੀਬਾੜੀ ਪ੍ਰਧਾਨ ਸੂਬਿਆਂ ਉਤੇ ਸੱਭ ਤੋਂ ਵੱਡਾ ਸੰਕਟ ਮੰਡਰਾ ਰਿਹਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ‘‘ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਸੱਭ ਤੋਂ ਵੱਧ ਮੀਂਹ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਐਲ ਨੀਨੋ ਹੋਰ ਮਜ਼ਬੂਤ ਹੁੰਦਾ ਹੈ।’’ ਅਗੱਸਤ ਅਤੇ ਸਤੰਬਰ ਦੇ ਮਹੀਨੇ, ਜੋ ਫ਼ਸਲਾਂ ਅਤੇ ਪਾਣੀ ਦੇ ਭੰਡਾਰਨ ਲਈ ਸੱਭ ਤੋਂ ਮਹੱਤਵਪੂਰਨ ਹੁੰਦੇ ਹਨ, ਦੌਰਾਨ ਮੀਂਹ ਦੀ ਗਤੀਵਿਧੀ ਕਾਫ਼ੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਮੌਸਮ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿਚ ਗਰਮੀ ਕਹਿਰ ਵਰ੍ਹਾਏਗੀ। ਮੌਸਮ ਵਿਭਾਗ ਨੇ 21 ਮਈ ਤੱਕ ਕਈ ਥਾਵਾਂ ’ਤੇ ਹੀਟਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਦੇ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ ਹੁਣ ਅਗਲੇ ਕੁਝ ਦਿਨ ਮੌਸਮ ਖ਼ੁਸ਼ਕ ਰਹੇਗਾ। ਅਗਲੇ ਹਫ਼ਤੇ ਤਕ ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਵਧਣ ਦੀ ਉਮੀਦ ਹੈ। 20 ਮਈ ਤਕ ਰਾਜ ਦੇ ਕੁਝ ਇਲਾਕਿਆਂ ਵਿਚ ਹੀਟਵੇਵ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵਲੋਂ ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਵਿਚ ਪਿਛਲੇ 24 ਘੰਟਿਆਂ ਦੇ ਤਾਪਮਾਨ ਦੀ ਤਾਂ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਬੀਤੇ ਦਿਨ ਦੇ ਮੁਕਾਬਲੇ ਤਾਪਮਾਨ 0.2 ਡਿਗਰੀ ਵਧਿਆ ਹੈ, ਜੋ ਆਮ ਦੇ ਨੇੜੇ ਰਿਹਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 42 ਤੋਂ 43 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਬਿਨਾਂ ਲੋੜ ਦੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚਿਆ ਜਾਵੇ। ਦੂਜੇ ਪਾਸੇ, ਦੇਸ਼ ਦੇ ਕੁੱਝ ਹਿੱਸਿਆਂ ਵਿਚ ਇਸ ਦਾ ਉਲਟ ਅਸਰ ਵੇਖਣ ਨੂੰ ਮਿਲੇਗਾ। ਤਾਮਿਲਨਾਡੂ ਅਤੇ ਤੱਟੀ ਆਂਧਰਾ ਪ੍ਰਦੇਸ਼ ਵਿਚ ਮਾਨਸੂਨ ਦੇ ਅਖੀਰਲੇ ਦਿਨਾਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿਤੀ ਹੈ ਕਿ ‘‘ਚੇਨਈ ’ਚ ਖਾਸ ਤੌਰ ਉਤੇ ਜੇਕਰ ਛੋਟੇ ਸਮੇਂ ਵਿਚ ਭਾਰੀ ਮੀਂਹ ਹੁੰਦਾ ਹੈ, ਤਾਂ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’ ਵਿਭਾਗ ਅਨੁਸਾਰ ਇਸ ਵਾਰ ਮਾਨਸੂਨ ਦਾ ਮੀਂਹ ਲੰਮੀ-ਮਿਆਦ ਦੇ ਔਸਤ (ਐਲ.ਪੀ.ਏ.) ਦਾ 92% ਰਹਿਣ ਦਾ ਅਨੁਮਾਨ ਹੈ, ਜਿਸ ਨੂੰ ‘ਆਮ ਨਾਲੋਂ ਘੱਟ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਹਾਲਾਂਕਿ ਜੂਨ ਮਹੀਨੇ ਵਿਚ ਮਾਨਸੂਨ ਦੀ ਸ਼ੁਰੂਆਤ ਸਥਿਰ ਰਹਿ ਸਕਦੀ ਹੈ, ਪਰ ਅਗੱਸਤ ਤਕ ਐਲ ਨੀਨੋ ਦਾ ਅਸਰ ਬੇਹੱਦ ਤਿੱਖਾ ਹੋ ਜਾਵੇਗਾ। ਸਥਿਤੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਅਗਾਊਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ।
