ਕਾਈਨੌਰ ਕਬਰਸਤਾਨ ‘ਚੋਂ ਪਿੰਜਰ ਗਾਇਬ ਹੋਣ ਨਾਲ ਇਲਾਕੇ ਵਿੱਚ ਹੜਕੰਪ

0

ਮੋਰਿੰਡਾ 13 ਮਈ (ਮਜ਼ੀਦ ਖਾਨ) ਨੇੜਲੇ ਪਿੰਡ ਕਾਈਨੌਰ ਦੇ ਕਬਰਸਤਾਨ ਵਿੱਚ ਵਾਪਰੀ ਇੱਕ ਬੇਹੱਦ ਹੈਰਾਨੀਜਨਕ ਅਤੇ ਮੰਦਭਾਗੀ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ, ਜਿੱਥੇ ਇੱਕ ਵਿਅਕਤੀ ਦਾ ਪਿੰਜਰ ਕਬਰ ਪੁੱਟ ਕੇ ਗਾਇਬ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈਕੇ ਇਲਾਕੇ ਵਿੱਚ  ਕਈ ਤਰਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਕਾਈਨੌਰ ਦੇ ਹੁਸੈਨ ਮੁਹੰਮਦ  ਨੇ ਦੱਸਿਆ ਕਿ  ਕਰੀਬ ਚਾਰ ਸਾਲ ਪਹਿਲਾਂ ਉਨਾਂ ਵੱਲੋ ਆਪਣੇ ਮਿਤਰਕ ਪਿਤਾ ਅਲੀ ਮੁਹੰਮਦ ਨੂੰ ਇਸ ਕਬਰਸਤਾਨ ਵਿੱਚ ਦਫਨਇਆ ਗਿਆ ਸੀ । ਹੁਸੈਨ ਅਨੁਸਾਰ ਉਸਦਾ ਛੋਟਾ ਭਰਾ ਰੋਜ਼ਾਨਾ ਕਬਰਸਤਾਨ ਵਿੱਚ ਆਉਣ ਜਾਣ ਕਰਦਾ ਸੀ ਪਰੰਤੂ ਅੱਜ ਉਹ ਕਿਸੇ ਕਾਰਨ ਉੱਥੇ ਨਹੀ ਜਾ ਸਕਿਆ।  ਇਸੇ ਦੌਰਾਨ ਪਿੰਡ ਦੇ ਬੱਕਰੀਆਂ ਚਾਰਨ ਵਾਲੇ ਚਰਵਾਹੇ ਨੇ ਉਸਦੇ ਛੋਟੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਕਬਰਸਤਾਨ ਵਿੱਚ ਇੱਕ ਕਬਰ ਪੁੱਟੀ ਪਈ ਹੈ ਅਤੇ ਇਸ ਵਿਚ ਮਿਰਤਕ ਦਾ ਪਿੰਜਰ ਵੀ ਮੌਜੂਦ ਨਹੀ ਹੈਂ। ਹੁਸੈਨ ਅਨੁਸਾਰ ਜਦੋ ਉਸਦੇ ਭਰਾ ਨੇ ਕਬਰਸਤਾਨ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਸ਼ਰਾਰਤੀ ਅਨਸਰ ਵੱਲੋ ਉਸਦੇ ਪਿਤਾ ਦੀ ਕਬਰ ਨਾਲ ਹੀ ਛੇੜਛਾੜ ਕੀਤੀ ਹੋਈ ਸੀ, ਜਿਸ ਉਪਰੰਤ ਉਹ ਖੁਦ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਮੋਹਤਬਰਾਂ ਨੂੰ ਲੈਕੇ ਕਬਰਸਤਾਨ ਪਹੁੰਚਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਹੈ। ਹੁਸੈਨ ਮੁਹੰਮਦ ਤੇ ਹੋਰ ਪਿੰਡ ਵਾਸੀਆ ਵੱਲੋ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ  ਕਿਸੇ ਤਾਂਤਰਿਕ ਵੱਲੋਂ ਅੰਧਵਿਸ਼ਵਾਸ ਜਾਂ ਕਿਸੇ ਤਰ੍ਹਾਂ ਦੀ ਤੰਤਰ-ਮੰਤਰ ਦੀ ਕਿਰਿਆ ਨੂੰ ਅੰਜਾਮ ਦੇਣ ਲਈ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਜਾਂ  ਕੁਝ ਸ਼ਰਾਰਤੀ ਅਨਸਰਾਂ ਵੱਲੋਂ  ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਵੀ ਅਜਿਹਾ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹੁਸੈਨ ਮੁਹੰਮਦ ਤੇ ਪਿੰਡ ਕਾਈਨੌਰ ਦੀ ਮਸਜਿਦ ਦੇ ਮੌਲਵੀ ਮਹਿਮਦ ਹਸਨ ਨੇ ਇਸ ਕੋਝੀ ਹਰਕਤ ਨੂੰ ਕਿਸੇ ਤਰਾਂ ਦੀ ਧਾਰਮਿਕ ਜਾਂ ਰਾਜਨੀਤਕ ਮੁਫ਼ਾਦ ਲਈ ਵਰਤੇ ਜਾਣ ਦਾ ਵੀ ਸ਼ੱਕ ਪ੍ਰਗਟਾਇਆ ਹੈਂ। ਘਟਨਾ ਦੀ ਸੂਚਨਾ ਮਿਲਦੇ ਹੀ ਮੋਰਿੰਡਾ ਸਦਰ ਪੁਲਿਸ ਦੇ ਐਡੀਸ਼ਨਲ ਐਸਐਚਓ ਰਮਨ ਗੋਇਲ  ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਰਮਨ ਗੋਇਲ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਕੋਲੋ ਦਰਖਾਸਤ ਲੈਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਬਰਸਤਾਨ ਦੇ ਆਲੇ- ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਪੁਲਿਸ ਵਲੋ ਜਲਦੀ ਹੀ ਮਾਮਲਾ ਦਰਜ ਕਰ ਕੇ  ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸੇ ਦੌਰਾਨ ਹੁਸੈਨ ਮੁਹੰਮਦ, ਮੌਲਵੀ ਅਹਿਮਦ ਹਸਨ  ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਉਨਾਂ ਕਬਰਸਤਾਨ ਨੂੰ ਚਾਰਦੀਵਾਰੀ ਕਰਵਾਉਣ ਦੀ ਵੀ ਮੰਗ ਕੀਤੀ ਹੈ।

Leave a Reply

Your email address will not be published. Required fields are marked *