ਆਰਟੀਫੀਸ਼ੀਅਲ ਇੰਟੈਲੀਜੈਂਸ, ਨਵਿਆਉਣਯੋਗ ਊਰਜਾ, ਸਾਈਬਰ ਸੁਰੱਖਿਆ, ਪਲੇਸਮੈਂਟ ਆਦਿ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਨਵੀਆਂ ਪਹਿਲ ਕਦਮੀਆਂ

ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਨਵਿਆਉਣਯੋਗ ਊਰਜਾ, ਸਾਈਬਰ ਸੁਰੱਖਿਆ, ਪਲੇਸਮੈਂਟ, ਡਰੋਨ ਤਕਨਾਲੋਜੀ ਆਦਿ ਨਵੀਨਤਮ ਖੇਤਰਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਪਹਿਲ ਕਦਮੀਆਂ ਬਾਰੇ ਜਾਣਕਾਰੀ ਦੇਣ ਲਈ ਵਰਸਿਟੀ ਵੱਲੋਂ “ਪ੍ਰੈਸ ਮਿਲਣੀ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ, ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਅਤੇ ਡਾਇਰੈਕਟਰ ਦਾਖ਼ਲੇ ਡਾ. ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਵੱਖ-ਵੱਖ ਅੰਤਰ-ਰਾਸ਼ਟਰੀ ਯੂਨੀਵਰਸਿਟੀਆਂ ਨਾਲ ਕੀਤੇ ਗਏ ਦੁਵੱਲੇ ਸਮਝੌਤਿਆਂ ਬਾਰੇ ਜਾਣਕਾਰੀ ਦਿੰਦਿਆਂ ਪਰੋ ਵਾਈਸ ਚਾਂਸਲਰ, ਡਾ. ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਪਲੇਸਮੈਂਟ, ਇੰਡੀਸਟਰੀਅਲ ਟ੍ਰੇਨਿੰਗ, ਲਾਈਵ ਪ੍ਰੋਜੈਕਟ ਅਤੇ ਇੰਟਰਨਸ਼ਿਪ ਲਈ ਵਰਸਿਟੀ ਵੱਲੋਂ ਲਾਰਸਨ ਐਂਡ ਟਬਰੋ ਕੰਪਨੀ ਨਾਲ ਦੁਵੱਲਾ ਸਮਝੌਤਾ ਕੀਤਾ ਗਿਆ ਹੈ। ਉਹਨਾਂ ਵਿਦਿਆਰਥੀਆਂ ਲਈ ਮਸ਼ੀਨ ਲਰਨਿੰਗ, ਸਾਈਬਰ ਸੁਰੱਖਿਆ, ਡਾਟਾ ਸਾਇੰਸ, ਕਲਾਉਡ ਕੰਪਿਊਟਿੰਗ, ਰੋਬੋਟਿਕਸ ਆਦਿ ਨਵੀਨਤਮ ਖੇਤਰਾਂ ਸੰਬੰਧੀ ਸ਼ੁਰੂ ਕੀਤੇ ਗਏ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਅਕਾਦਮਿਕ ਅਤੇ ਉਦਯੋਗਿਕ ਅਦਾਰਿਆਂ ਦੇ ਆਪਸੀ ਸਹਿਯੋਗ ਨੂੰ ਵਧਾਉਣ ਲਈ ਅਲਟਰਾਟੈਂਕ ਸੀਮੈਂਟ ਵੱਲੋਂ ਜੀ.ਕੇ.ਯੂ. ਵਿਖੇ ਉਨੱਤਤਾ ਕੇਂਦਰ ਵੀ ਸ਼ੁਰੂ ਕੀਤਾ ਗਿਆ ਹੈ। ਉਹਨਾਂ ਖੇਤੀ ਦੇ ਵਿਕਾਸ ਲਈ ਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਸਮਾਰਟ ਫਾਰਮਿੰਗ, ਡਰੋਨ ਅਧਾਰਿਤ ਖੇਤੀ ਅਤੇ ਸ਼ੁਰੂ ਕੀਤੇ ਗਏ, ਨਵੇਂ ਖੋਜ ਪ੍ਰੋਜੈਕਟਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਉਹਨਾਂ ਨਵਨਿਯੁਕਤ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੂੰ ਅਹੁਦਾ ਸੰਭਾਲਣ ‘ਤੇ ਜੀ ਆਇਆ ਨੂੰ ਕਿਹਾ ਵਧਾਈ ਦਿੱਤੀ ਅਤੇ ਜਾਣ ਪਹਿਚਾਣ ਕਰਵਾਈ। ਖੇਡਾਂ ਵਿੱਚ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਬਾਰੇ ਉਹਨਾਂ ਦੱਸਿਆ ਕਿ ਵਰਸਿਟੀ ਨੇ “ਖੇਲੋ ਇੰਡੀਆ” ਵਿੱਚ ਸਮੁੱਚੇ ਭਾਰਤ ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ ਹੈ। ਉਹਨਾਂ ਵਰਸਿਟੀ ਦੀ ਖਿਡਾਰਨ ਭਜਨ ਕੌਰ ਵੱਲੋਂ ਵਿਸ਼ਵ ਤੀਰਅੰਦਾਜ਼ੀ ਉਲੰਪਿਕ ਕੁਆਲੀਫਾਇਰ ਮੁਕਾਬਲੇ ਵਿੱਚ ਜਿੱਤੇ ਸੋਨ ਤਗਮੇ, ਤੀਰਅੰਦਾਜ਼ ਰਿਸ਼ਭ ਯਾਦਵ ਵੱਲੋਂ ਵਿਸ਼ਵ ਰੈਕਿੰਗ ਵਿੱਚ ਹਾਸਿਲ ਕੀਤੀ ਚੌਥੀ ਰੈਕਿੰਗ, ਕਬੱਡੀ ਖਿਡਾਰਨ ਸਿਮਰਨ ਕੰਬੋਜ ਦਾ ਭਾਰਤੀ ਬੀਚ ਕਬੱਡੀ ਟੀਮ ਦੇ ਮੈਂਬਰ ਵਜੋਂ ਸੋਨ ਤਗਮਾ ਜਿੱਤਣ, ਤਲਵਾਰਬਾਜ ਕਦਮ ਯਸ਼ੇਸ਼ਰੀ ਲਕਸ਼ਮਨ ਵੱਲੋਂ ਬੈਂਕਾਕ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤੇ ਚਾਂਦੀ ਦੇ ਤਗਮੇ ਅਤੇ ਜੁਡੋਕਾ ਹਿਮਾਸ਼ੀ ਟੋਕਸ ਵੱਲੋਂ ਵਿਸ਼ਵ ਰੈਕਿੰਗ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਬਾਰੇ ਚਾਨਣਾ ਪਾਇਆ। ਡਾਇਰੈਕਟਰ ਦਾਖ਼ਲੇ ਡਾ. ਸਿੰਘ ਨੇ ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ 10 ਕਰੋੜ ਦੇ ਵਜੀਫ਼ਿਆਂ ਬਾਰੇ ਦੱਸਿਆ ਕਿ ਵਰਸਿਟੀ ਹੋਣਹਾਰ,ਆਰਥਿਕ ਪੱਖੋਂ ਕਮਜ਼ੋਰ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਦੇ ਵਿਦਿਆਰਥੀਆਂ ਨੂੰ ਵਜੀਫ਼ੇ ਅਤੇ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਉਹਨਾਂ ਨਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਿੰਗਲ ਗਰਲ ਚਾਇਲਡ ਤੇ ਫ਼ੀਸ ਵਿੱਚ ਦਿੱਤੇ ਜਾਂਦੇ 20% ਵਜ਼ੀਫ਼ੇ ਅਤੇ ਦੂਜੀ ਲੜਕੀ ਦੇ ਵਰਸਿਟੀ ਵਿਖੇ ਦਾਖ਼ਲਾ ਲੈਣ ਤੇ 25% ਵਜ਼ੀਫ਼ੇ ਬਾਰੇ ਵੀ ਚਾਨਣਾ ਪਾਇਆ। ਯੂਨੀਵਰਸਿਟੀ ਵਿੱਚ ਦਿੱਤੇ ਜਾ ਰਹੇ ਮੈਰੀਟੋਰੀਅਸ ਵਜੀਫ਼ਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ 95% ਅਤੇ ਇਸ ਉੱਪਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ 50% ਪ੍ਰਤੀਸ਼ਤ, 92 ਤੋਂ 94.99 % ਪ੍ਰਤੀਸ਼ਤ ਅੰਕ ਲੈਣ ਵਾਲੇ ਵਿਦਿਆਰਥੀਆਂ ਲਈ 25 ਪ੍ਰਤੀਸ਼ਤ, 80-89.99 ਪ੍ਰਤੀਸ਼ਤ ਅਨੇਕ ਲੈਣ ਵਾਲੇ ਵਿਦਿਆਰਥੀਆਂ ਨੂੰ 20 ਪ੍ਰਤੀਸ਼ਤ ਫ਼ੀਸ ਅਤੇ 70-79.99 ਪ੍ਰਤੀਸ਼ਤ ਅੰਕਲ ਲੈਣ ਵਾਲਿਆਂ ਨੂੰ 15 ਪ੍ਰਤੀਸ਼ਤ ਫ਼ੀਸ ਦਾ ਸਕਾਲਰਸ਼ਿਪ ਦਿੱਤਾ ਜਾ ਰਿਹਾ ਹੈ। ਉਹਨਾਂ ਮਾਨਯੋਗ ਚਾਂਸਲਰ ਸਾਹਿਬ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਾਲ ਤੋਂ ਜਿਸ ਵੀ ਯੂਨੀਵਰਸਿਟੀ ਬੱਸ ਵਿੱਚ 50% ਤੱਕ ਬੇਟੀਆਂ ਸਫ਼ਰ ਕਰਨਗੀਆਂ ਉਹਨਾਂ ਬੱਸਾਂ ਵਿੱਚ ਆਉਣ ਵਾਲੀਆਂ ਬੇਟੀਆਂ ਦੀ ਬੱਸ ਫ਼ੀਸ ਵਿੱਚ ਵੀ 50 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ ਹੈ ਤੇ ਬੱਸਾਂ ਦਾ ਰੂਟ ਵੀ ਮੇਨ ਸੜਕਾਂ ਦੇ ਨਾਲ-ਨਾਲ ਲਿੰਕ ਸੜਕਾਂ ਨਾਲ ਵੀ ਜੋੜਿਆ ਗਿਆ ਹੈ ਤਾਂ ਜੋ ਬੇਟੀਆਂ ਨੂੰ ਵੱਧ ਤੋਂ ਵੱਧ ਸਹੂਲਤ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਸਿਰਫ਼ ਸਿੱਖਿਆ ਦਾ ਕੇਂਦਰ ਨਹੀਂ, ਬਲਕਿ ਸੰਸਕਾਰ, ਸੁਰੱਖਿਆ, ਅਨੁਸ਼ਾਸਨ, ਸੇਵਾ ਅਤੇ ਸਮਰਪਣ ਦੀ ਜੀਵੰਤ ਮਿਸਾਲ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਨੁਸ਼ਾਸਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ।
