ਹਨੇਰੀ ਦੌਰਾਨ ਡਿੱਗਿਆ ਬਿਜਲੀ ਟ੍ਰਾਂਸਫਾਰਮਰ, ਵੱਡਾ ਹਾਦਸਾ ਟਲਿਆ-

ਸਤਾ ਹਾਲ ਖੰਭਿਆਂ ਅਤੇ ਲਮਕਦੀਆਂ ਤਾਰਾਂ ਕਾਰਨ ਲੋਕਾਂ ਵਿੱਚ ਦਹਿਸ਼ਤ, ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ-
ਅਮ੍ਰਿਤਸਰ-11 ਮਈ ( ਮਨਜੀਤ ਸਿੰਘ ਸ਼ੇਰਗਿੱਲ ) ਬੀਤੀ ਰਾਤ ਆਈ ਤੇਜ਼ ਹਨੇਰੀ ਦੌਰਾਨ ਗੁਰਨਾਮ ਨਗਰ ਨਜ਼ਦੀਕ ਪਾਰਕ ਦੇ ਕੋਲ ਇੱਕ ਬਿਜਲੀ ਟ੍ਰਾਂਸਫਾਰਮਰ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਗਨੀਮਤ ਇਹ ਰਹੀ ਕਿ ਰਾਤ ਦਾ ਸਮਾਂ ਹੋਣ ਕਾਰਨ ਕੋਈ ਵੀ ਰਾਹਗੀਰ ਇਸ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ ਅਤੇ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੀ ਰਾਤ ਤੇਜ਼ ਹਨੇਰੀ ਆਉਣ ਕਾਰਨ ਪਾਰਕ ਦੀ ਨੁੱਕਰ ’ਤੇ ਲੱਗਾ ਟ੍ਰਾਂਸਫਾਰਮਰ ਅਚਾਨਕ ਡਿੱਗ ਪਿਆ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਵੱਲੋਂ ਭਾਵੇਂ ਬਿਜਲੀ ਪ੍ਰਬੰਧਾਂ ਨੂੰ ਚੁਸਤ-ਦਰੁਸਤ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਇਲਾਕਾ ਵਾਸੀਆਂ ਮੁਤਾਬਕ ਕਈ ਥਾਵਾਂ ’ਤੇ ਅੱਜ ਵੀ ਬਿਜਲੀ ਦੀਆਂ ਤਾਰਾਂ ਗਲੀਆਂ ਵਿੱਚ ਲਮਕਦੀਆਂ ਦਿਖਾਈ ਦਿੰਦੀਆਂ ਹਨ, ਜਦਕਿ ਕਈ ਬਿਜਲੀ ਜੋੜ ਢਿੱਲੇ ਹਾਲਾਤ ਵਿੱਚ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਕਈ ਪੁਰਾਣੇ ਅਤੇ ਖਸਤਾ ਹੋ ਚੁੱਕੇ ਖੰਭਿਆਂ ’ਤੇ ਅਜੇ ਵੀ ਭਾਰੀ ਟ੍ਰਾਂਸਫਾਰਮਰ ਲੱਗੇ ਹੋਏ ਹਨ। ਇਹ ਖੰਭੇ ਸੜਕ ਵੱਲ ਝੁਕੇ ਹੋਏ ਦਿਖਾਈ ਦਿੰਦੇ ਹਨ, ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਜਦੋਂ ਵੀ ਤੇਜ਼ ਹਵਾਵਾਂ ਜਾਂ ਹਨੇਰੀ ਆਉਂਦੀ ਹੈ ਤਾਂ ਬਿਜਲੀ ਵਿਭਾਗ ਵੱਲੋਂ ਤੁਰੰਤ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਭਾਗ ਨੂੰ ਖੁਦ ਵੀ ਖਸਤਾ ਹਾਲ ਤਾਰਾਂ ਅਤੇ ਟ੍ਰਾਂਸਫਾਰਮਰਾਂ ਕਾਰਨ ਹਾਦਸਿਆਂ ਦਾ ਖਤਰਾ ਮਹਿਸੂਸ ਹੁੰਦਾ ਹੈ। ਹੁਣ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਕਿਉਂ ਪਾਇਆ ਜਾ ਰਿਹਾ ਹੈ। ਜੇਕਰ ਕਿਸੇ ਹਾਦਸੇ ਦੌਰਾਨ ਕਿਸੇ ਨਾਗਰਿਕ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਕੀ ਬਿਜਲੀ ਵਿਭਾਗ ਉਸ ਦੀ ਭਰਪਾਈ ਕਰੇਗਾ ਅਤੇ ਕੀ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਅਣਗਹਿਲੀ ਵਰਤਣ ਦੇ ਦੋਸ਼ਾਂ ਹੇਠ ਵਿਭਾਗੀ ਕਾਰਵਾਈ ਕੀਤੀ ਜਾਵੇਗੀ? ਫਿਲਹਾਲ ਇਹ ਮਾਮਲਾ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਅਣਗਹਿਲੀ ਲਈ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।
