ਸਿਵਲ ਹਸਪਤਾਲ ਰਾਮਾਂ ਵੱਲੋਂ ‘ਅਨੀਮੀਆ ਮੁਕਤ ਭਾਰਤ’ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ ਦੇ 524 ਬੱਚਿਆਂ ਦੀ ਕੀਤੀ ਗਈ ਖੂਨ ਦੀ ਜਾਂਚ

ਰਾਮਾ ਮੰਡੀ, (ਬਠਿੰਡਾ), (ਅਸ਼ੋਕ ਕੁਮਾਰ) : ਸਿਵਲ ਸਰਜਨ ਬਠਿੰਡਾ ਡਾ. ਜੋਤੀ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਸਤਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ, ਸਿਵਲ ਹਸਪਤਾਲ ਰਾਮਾਂ ਵੱਲੋਂ ‘ਅਨੀਮੀਆ ਮੁਕਤ ਭਾਰਤ’ ਮੁਹਿੰਮ ਨੂੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਬਠਿੰਡਾ ਦੀ ਆਰ ਬੀ ਐਸ ਕੇ ਟੀਮ ਅਤੇ ਸਿਵਲ ਹਸਪਤਾਲ ਰਾਮਾਂ ਦੀ ਟੀਮ ਵੱਲੋਂ ਰਾਮਾਂ ਮੰਡੀ ਦੇ ਵੱਖ-ਵੱਖ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਹੁਣ ਤੱਕ ਕੁੱਲ 524 ਬੱਚਿਆਂ ਦੀ ਐਚ.ਬੀ. (HB) ਟੈਸਟਿੰਗ ਕੀਤੀ ਗਈ ਹੈ।
ਇਹ ਜਾਂਚ ਹਿੰਦੂ ਸੀਨੀਅਰ ਸੈਕੰਡਰੀ ਸਕੂਲ, ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਗੌਰਮੈਂਟ ਪ੍ਰਾਇਮਰੀ ਸਕੂਲ ਅਤੇ ਆਰੀਆ ਹਾਈ ਸਕੂਲ ਵਿੱਚ ਪੜ੍ਹਦੇ ਛੇਵੀ ਕਲਾਸ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੀ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ 10 ਤੋਂ 19 ਸਾਲ ਤੱਕ ਦੀਆਂ ਕੁੜੀਆ ਵਿੱਚ ਖੂਨ ਦੀ ਕਮੀ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਉਣਾ ਹੈ।
ਕੈਂਪ ਦੌਰਾਨ ਆਰ ਬੀ ਐਸ ਕੇ ਟੀਮ ਵਿੱਚ ਡਾ. ਧੀਰਜ ਜਿੰਦਲ,ਅਤੇ ਡਾ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਅਨੀਮੀਆ ਕਾਰਨ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਕਾਰਜ ਸਮਰੱਥਾ ‘ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਵਿੱਚ ਖੂਨ ਦੀ ਕਮੀ ਪਾਈ ਗਈ ਹੈ, ਉਨ੍ਹਾਂ ਨੂੰ ਵਿਭਾਗ ਵੱਲੋਂ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਪੌਸ਼ਟਿਕ ਖੁਰਾਕ ਸਬੰਧੀ ਵਿਸ਼ੇਸ਼ ਸਲਾਹ ਦਿੱਤੀ ਜਾ ਰਹੀ ਹੈ।
ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਆਮ ਤੌਰ ‘ਤੇ ਥਕਾਵਟ,ਅਤੇ ਸਾਹ ਚੜਨਾ ਅਤੇ ਕੰਮ ਵਿੱਚ ਮਨ ਨਾ ਲੱਗਣਾ ਜਿਹੇ ਲੱਛਣਾਂ ਕਰਕੇ ਅਨੀਮੀਆ ਦੀ ਪਹਿਚਾਣ ਹੁੰਦੀ ਹੈ। ਪਰ ਫਿਰ ਵੀ ਇਸ ਨੂੰ ਪੋਸਟਿਕ ਖੁਰਾਕ ਵਿੱਚ ਬਦਲਾਅ ਕਰਕੇ ਠੀਕ ਕੀਤਾ ਜਾ ਸਕਦਾ ਹੈ, ਉਹਨਾਂ ਕਿਹਾ ਕਿ ਬੱਚੇ ਜੰਕ ਫੂਡ ਫਾਸਟ ਫੂਡ ਤੋਂ ਦੂਰ ਰਹਿਣ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ, ਆਂਡੇ ,ਮੱਛੀ ਕਲੇਜੀ, ਅਤੇ ਫਲ ਖੁਰਾਕ ਵਿੱਚ ਖਾਣ ਤਾਂ ਕੇ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ, ਉਹਨਾਂ ਵੱਲੋਂ ਲੋਕਾਂ ਨੂੰ ਆਇਰਨ ਫੋਲਿਕ ਐਸਿਡ ਗੋਲੀਆਂ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਰਾਮਾਂ ਦੀ ਟੀਮ, ਏ ਐਨ ਐਮ ਸ਼ਮਿੰਦਰਦੀਪ ਕੌਰ ਵੀਰਪਾਲ ਕੌਰ ਅਮਨਦੀਪ ਕੌਰ ਲੈਬ ਟੈਕਨੀਸ਼ੀਅਨ ਦਿਲਸ਼ਾਦ ਖਾਨ ਅਤੇ ਆਮ ਆਦਮੀ ਕਲੀਨਿਕ ਦੇ ਕਲੀਨਿਕ ਅਸਿਸਟੈਂਟ ਹਰਪ੍ਰੀਤ ਕੌਰ ਵੱਲੋਂ ਇਸ ਕੈਂਪ ਦੋਰਾਨ ਬੱਚਿਆਂ ਦੇ ਟੈਸਟ ਕੀਤੇ ਗਏ,ਇਸ ਸਮੇਂ ਸਕੂਲ ਦਾ ਸਟਾਫ ਵੀ ਹਾਜ਼ਰ ਸੀ।
