ਸ਼ਿਵ ਗੋਰਾ ਮੰਦਿਰ ਸੁੰਦਰ ਵਿਹਾਰ ਦਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ

ਮਾਲੇਰਕੋਟਲਾ ( ਮੁਨਸ਼ੀ ਫ਼ਾਰੂਕ) ਸਥਾਨਕ ਧੂਰੀ ਰੋਡ ਤੇ ਸਥਿਤ ਸੁੰਦਰ ਵਿਹਾਰ ਕਲੋਨੀ ਵਿਖੇ ਸੁੰਦਰ ਵਿਹਾਰ ਵੈਲਫੇਅਰ ਸੋਸਾਇਟੀ ਵੱਲੋਂ ਕਲੋਨੀ ਦੇ ਸ੍ਰੀ ਸ਼ਿਵਗੋਰਾ ਮੰਦਰ ਦਾ ਸਥਾਪਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਸ੍ਰੀ ਅੰਮ੍ਰਿਤ ਲਾਲ ਗਰਗ ਅਤੇ ਸਕੱਤਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਕਲੋਨੀ ਦੀ ਮਹਿਲਾਵਾਂ ਵੱਲੋਂ ਸੁੰਦਰ ਕਾਂਡ ਦਾ ਪਾਠ ਅਤੇ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੰਡਿਤ ਸ੍ਰੀ ਅਮਿਤ ਕੁਮਾਰ ਸ਼ਰਮਾ ਨੇ ਪੂਜਾ ਤੇ ਆਰਤੀ ਦੀ ਰਸਮ ਅਦਾ ਕਰਵਾਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜੇਸ਼ ਸਿੰਗਲਾ ਨੇ ਜਿੱਥੇ ਸਮੂਹ ਕਲੋਨੀ ਵਾਸੀਆਂ ਨੂੰ ਮੰਦਿਰ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਉਥੇ ਉਹਨਾਂ ਮੰਦਿਰ ਵਿੱਚ ਹਰ ਮੰਗਲਵਾਰ ਕਰਵਾਏ ਜਾਂਦੇ ਸਮੂਹਿਕ ਸ੍ਰੀ ਹਨੁਮਾਨ ਚਾਲੀਸਾ ਦੇ ਪਾਠ ਵਿੱਚ ਸਮੂਹ ਕਲੋਨੀ ਵਾਸੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਸ੍ਰੀ ਸੁਨੀਤਾ ਸਿੰਗਲਾ ਨੇ ਕਿਹਾ ਕਿ ਅਜਿਹੇ ਸਮਾਗਮ ਨਾਲ ਜਿੱਥੇ ਆਪਸੀ ਭਾਈਚਾਰੇ ਵਿਚ ਵਾਧਾ ਹੁੰਦਾ ਹੈ ਉਥੇ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਵਿਰਸੇ ਅਤੇ ਸਨਾਤਨ ਧਰਮ ਨਾਲ ਜੁੜਨ ਦਾ ਮੌਕਾ ਮਿਲਦਾ ਹੈ।ਇਸ ਮੌਕੇ ਮੰਦਰ ਦੀਆਂ ਸਮੂਹ ਮੂਰਤੀਆਂ ਅਤੇ ਸ਼ਿਵਲਿੰਗ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ। ਆਰਤੀ ਉਪਰੰਤ ਅਟੁੱਟ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਸਮੂਹ ਕਲੋਨੀ ਵਾਸੀ ਪਰਿਵਾਰਾਂ ਸਮੇਤ ਹਾਜਰ ਸਨ।
