ਆਪ ਦੇ ਸਾਫ਼-ਸੁਥਰੀ ਰਾਜਨੀਤੀ ਦੇ ਦਾਅਵੇ ਦੀ ਖੁੱਲ੍ਹੀ ਪੋਲ : ਤਰੁਣ ਚੁੱਘ

0

ਪੰਜਾਬ ‘ਚ ਈ.ਡੀ. ਦੇ ਛਾਪਿਆਂ ‘ਤੇ ਭਾਜਪਾ ਨੇ ਘੇਰੀ ਮਾਨ ਸਰਕਾਰ

ਚੰਡੀਗੜ੍ਹ, 8 ਮਈ (ਦੁਰਗੇਸ਼ ਗਾਜਰੀ) : ਪੰਜਾਬ ਭਾਜਪਾ ਨੇ ਸ਼ੁੱਕਰਵਾਰ ਨੂੰ ਹਾਲ ਹੀ ਵਿੱਚ ਹੋਈਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀਆਂ ਰੇਡਾਂ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸੇਧਿਆ ਹੈ। ਭਾਜਪਾ ਨੇ ਦੋਸ਼ ਲਗਾਇਆ ਕਿ ਜੋ ਲੋਕ ਕਦੇ ਦੂਜਿਆਂ ਨੂੰ “ਇਮਾਨਦਾਰੀ ਦੇ ਸਰਟੀਫਿਕੇਟ” ਵੰਡਦੇ ਹੁੰਦੇ ਸਨ, ਅੱਜ ਉਨ੍ਹਾਂ ਦੇ ਆਪਣੇ ਕਰੀਬੀ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਹੋ ਰਹੀ ਹੈ। ਵੀਰਵਾਰ ਨੂੰ ਈਡੀ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਅਹੁਦੇਦਾਰ ਦੇ ਕਥਿਤ ਕਰੀਬੀ ਸਾਥੀ ਦਾ ਟਿਕਾਣਾ ਵੀ ਸ਼ਾਮਲ ਸੀ। ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਦੋ ਬਿਲਡਰਾਂ ਵੱਲੋਂ ਜ਼ਮੀਨ ਦੀ ਵਰਤੋਂ ਦੇ ਨਿਯਮਾਂ ਵਿੱਚ ਹੇਰਾਫੇਰੀ ਕਰਨ ਅਤੇ ਨਿਵੇਸ਼ਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਲਈ ਕੀਤੀ ਗਈ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਸਾਫ਼-ਸੁਥਰੀ ਰਾਜਨੀਤੀ ਦੇ ਦਾਅਵੇ ਬੇਨਕਾਬ ਹੋ ਗਏ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਸਰਕਾਰ ਭ੍ਰਿਸ਼ਟਾਚਾਰ ਅਤੇ ਜ਼ਮੀਨਾਂ ਦੇ ਕਾਰੋਬਾਰ ਵਿੱਚ ਹੋਣ ਵਾਲੀਆਂ ਗੜਬੜੀਆਂ ਨੂੰ ਸ਼ਹਿ ਦੇ ਰਹੀ ਹੈ। ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜੋ ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਸਾਫ਼-ਸੁਥਰੀ ਸਿਆਸਤ ਦਾ ਦਿਖਾਵਾ ਕਰਦੀ ਹੈ, ਉਸ ਦੀ ਅਸਲੀਅਤ ਹੁਣ ਹੌਲੀ-ਹੌਲੀ ਸਭ ਦੇ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਦੂਜਿਆਂ ਨੂੰ ਇਮਾਨਦਾਰੀ ਦੇ ਸਰਟੀਫਿਕੇਟ ਵੰਡਦੇ ਸਨ, ਉਹ ਅੱਜ ਆਪਣੇ ਹੀ ਕਰੀਬੀ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੇਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਈਡੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਪੰਜਾਬ ਦੇ ਇੱਕ ਸੀਨੀਅਰ ‘ਆਪ’ ਆਗੂ ਦਾ ਸਿੱਧਾ ਨਾਮ ਲਿਆ ਹੈ। ਉਨ੍ਹਾਂ ਦੋਸ਼ ਲਗਾਇਆ, “ਫਰਜ਼ੀ ਜ਼ਮੀਨੀ ਦਸਤਾਵੇਜ਼, ਸ਼ੱਕੀ ਸੀ ਐੱਲ ਯੂ ਸਰਟੀਫਿਕੇਟ, ਕਬਜ਼ੇ ਅਤੇ ਸਿਆਸੀ ਸਰਪ੍ਰਸਤੀ ਇਹ ਸਿਰਫ਼ ਬਿਲਡਰ ਨਾਲ ਸਬੰਧਤ ਮਾਮਲਾ ਨਹੀਂ ਹੈ, ਸਗੋਂ ‘ਆਪ’ ਸਰਕਾਰ ਦੇ ਅਧੀਨ ਜ਼ਮੀਨੀ ਲੁੱਟ ਦਾ ਪਰਦਾਫਾਸ਼ ਹੈ।”

Leave a Reply

Your email address will not be published. Required fields are marked *