ਅਕਾਲੀ ਦਲ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜੇਗਾ ਨਗਰ ਨਿਗਮ ਤੇ ਕੌਂਸਲ ਚੋਣਾਂ

0

ਚੰਡੀਗੜ੍ਹ, 8 ਮਈ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜਾਂ ਦੀ ਸ਼ੁੱਕਰਵਾਰ ਇੱਕ ਮੀਟਿੰਗ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਨਗਰ ਨਿਗਮ ਤੇ ਕੌਂਸਲ ਚੋਣਾਂ ਤੋਂ ਲੈ ਕੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਅਕਾਲੀ ਦਲ ਇਸ ਵਾਰ ਪਾਰਟੀ ਦੇ ਨਿਸ਼ਾਨ ‘ਤੇ ਨਗਰ ਨਿਗਮ ਤੇ ਕੌਂਸਲ ਚੋਣਾਂ ਲੜੇਗਾ, ਜਿਸ ਲਈ ਸਾਰੇ ਹਲਕਾ ਇੰਚਾਰਜਾਂ ਦੀ ਇਸ ਕੰਮ ‘ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਪੰਜਾਬ ‘ਚ 102 ਨਗਰ ਕੌਂਸਲਾਂ ਅਤੇ 9 ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਹਨ। ਡਾ. ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਗਲੀ ਮੀਟਿੰਗ 11 ਮਈ ਨੂੰ ਰੱਖੀ ਗਈ ਹੈ, ਜੋ ਕਿ ਬਾਅਦ ਦੁਪਹਿਰ 2 ਵਜੇ ਹੋਵੇਗੀ। ਮੀਟਿੰਗ ਦੌਰਾਨ ਕਈ ਸਥਾਨਕ ਅਤੇ ਕੌਮੀ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਮੀਟਿੰਗ ਦੌਰਾਨ 7 ਮੁੱਖ ਏਜੰਡਿਆਂ ‘ਤੇ ਚਰਚਾ ਕੀਤੀ ਗਈ ਹੈ। ਆਗੂ ਨੇ ਕਿਹਾ ਕਿ ਮੀਂਹ ਅਤੇ ਗੜ੍ਹੇਮਾਰੀ ਕਾਰਨ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਉਨ੍ਹਾਂ ਦੀ ਜਾਣਕਾਰੀ ਸਾਂਝੀ ਕਰਕੇ ਵੇਰਵੇ ਇਕੱਤਰ ਕੀਤੇ ਗਏ ਹਨ, ਤਾਂ ਜੋ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਨਵੇਂ ਬੇਅਦਬੀ ਕਾਨੂੰਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਹਿਬ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤਲਬ ਕੀਤੇ ਜਾਣ ‘ਤੇ ਕਿਹਾ ਕਿ, ਜੋ ਜਥੇਦਾਰ ਸਾਹਿਬ ਦਾ ਵਿਚਾਰ ਹੈ, ਉਹ ਸਾਰੀ ਕੌਮ ਦਾ ਹੈ, ਜੋ ਸੇਵਾ ਕਰ ਰਹੇ ਹਨ, ਉਹ ਚਾਹੇ ਉਹ ਰਾਗੀ ਸਿੰਘ ਹੈ ਜਾਂ ਕੋਈ ਪਾਠੀ ਸਿੰਘ ਕਿਤੇ ਉਸ ਨੂੰ ਨਾ ਫਸਾ ਦਿੱਤਾ ਜਾਵੇ। ਇਸ ਲਈ ਇਸ ਕਨੂੰਨ ਦੇ ਹੱਕ ‘ਚ ਨਹੀਂ, ਪਰ ਜੋ ਬੇਅਦਬੀ ਕਰਦਾ ਹੈ ਊਸ ਨੂੰ ਸਖਤ ਸਜ਼ਾ ਮਿਲੇ। ਉਨ੍ਹਾਂ ਨੇ SIR ‘ਤੇ ਮੁੱਦੇ ‘ਤੇ ਕਿਹਾ ਕਿ ਅਸੀਂ ਆਪਣੇ ਵਰਕਰਾਂ ਨੂੰ ਸੁਚੇਤ ਕੀਤਾ ਹੈ ਅਤੇ ਹਲਕਾ ਇੰਚਾਰਜਾਂ ਦੀਆਂ ਡਿਊਟੀਆਂ ਵੰਡੀਆਂ ਗਈਆਂ ਹਨ ਕਿ ਆਪਣੇ ਨੁਮਾਇੰਦੇ ਹਰ ਥਾਂ ਭੇਜੋ, ਜੇਕਰ ਕੋਈ ਵੋਟ ਗਲਤ ਕੱਟੀ ਜਾਂਦੀ ਹੈ ਤਾਂ ਉਸ ਖਿਲਾਫ ਹੋਵੋ। ਇਸ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਨਾਲ ਕੋਈ ਧੱਕਾ ਨਾ ਹੋਵੇ। ਇਸੇ ਲਈ ਅਸੀਂ ਆਪਣੇ ਵੱਲੋਂ ਇੱਕ ਬਲਾਕ ਲੈਵਲ ਏਜੰਟ ਲਗਾ ਰਹੇ ਹਾਂ, ਜਿਹੜੇ ਕਿ ਇਸ ਗੱਲ ਦਾ ਧਿਆਨ ਰੱਖਣਗੇ ਅਤੇ ਸਰਕਾਰ ਨੂੰ ਸਹਿਯੋਗ ਵੀ ਕਰਨਗੇ। ਅਸੀਂ ਐਸਆਈ ਆਰ ਨੂੰ ਲੈ ਕੇ ਪੂਰਾ ਸਹਿਯੋਗ ਕਰਾਂਗੇ।

Leave a Reply

Your email address will not be published. Required fields are marked *