ਮੁੱਖ ਮੰਤਰੀ ਤੇ ਆਪ ਲੀਡਰਸ਼ਿਪ ਭ੍ਰਿਸ਼ਟਾਚਾਰ ‘ਚ ਨੱਕੋ ਨੱਕ ਡੁੱਬੇ : ਸੁਖਬੀਰ ਬਾਦਲ

ਕਿਹਾ, 1000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੱਸ ਰਹੀ ਹੈ ਮੁੱਖ ਮੰਤਰੀ ਦੇ ਮਨ ਦਾ ਡਰ
ਚੰਡੀਗੜ੍ਹ, 8 ਮਈ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਪੰਜਾਬ ਵਿਚ ਆਉਂਦੀਆਂ 102 ਨਗਰ ਕੌਂਸਲ ਤੇ 9 ਨਗਰ ਨਿਗਮਾਂ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗੀ। ਇਸ ਬਾਰੇ ਫੈਸਲਾ ਅੱਜ ਪਾਰਟੀ ਦੇ ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੋਈ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ। ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ, ਉਹਨਾਂ ਦਾ ਨਿੱਜੀ ਸਟਾਫ ਤੇ ਆਪ ਲੀਡਰਸ਼ਿਪ ਭ੍ਰਿਸ਼ਟਾਚਾਰ ਵਿਚ ਨੱਕੋ ਨੱਕ ਡੁੱਬੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ’ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ 1000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੱਸਦੀ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਹੀ ਲੋਕਾਂ ਤੋਂ ਕਿੰਨਾ ਡਰ ਲੱਗਦਾ ਹੈ।
