ਖਰੜ ਇਲਾਕੇ ਵਿਚ ਖੇਤੀਬਾੜੀ ਲਈ ਬਿਜਲੀ ਦੀ ਸਪਲਾਈ 5 ਦਿਨਾਂ ਤੋਂ ਠੱਪ: ਭਾਰਤੀ ਕਿਸਾਨ ਯੂਨੀਅਨ

ਖਰੜ, (ਅਵਤਾਰ ਸਿੰਘ):-ਅਨਾਜ ਮੰਡੀ ਖਰੜ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀਮਾਜਰਾ ਨੇ ਸਥਾਨਕ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐਤਵਾਰ ਤੱਕ ਪਿੰਡਾਂ ਵਿਚ ਖੇਤੀਬਾੜੀ ਲਈ ਬਿਜਲੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਸੋਮਵਾਰ ਤੋਂ ਸੰਘਰਸ਼ ਵਿੱਢ ਕੇ ਧਰਨਾ ਦਿੱਤਾ ਜਾਵੇਗਾ। ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਗੇ ਕਿਹਾ ਕਿ ਜਿਸ ਦਿਨ ਇਲਾਕੇ ਵਿਚ ਹਨੇਰੀ ਝੱਖੜ ਆਇਆ ਉਸੇ ਦਿਨ ਤੋਂ ਖੇਤੀਬਾੜੀ ਲਈ ਬਿਜਲੀ ਦੀ ਸਪਲਾਈ ਠੱਪ ਪਈ ਹੈ, ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਬਿਜਾਈ ਕੀਤੀ ਹੋਈ ਮੱਕੀ ਦੀ ਫਸਲ ਸੁੱਕ ਰਹੀ ਹੈ, ਸਰਕਾਰ ਕਹਿੰਦੀ ਫਸਲਾਂ ਵਿਚ ਬਦਲਾਅ ਲਿਆ ਕੇ ਕ੍ਰਾਂਤੀ ਲਿਆਂਦੀ ਜਾਵੇ। ਪਰ ਪਿਛਲੇ 5 ਦਿਨਾਂ ਤੋਂ ਖੇਤੀਬਾੜੀ ਲਈ ਬਿਜਲੀ ਗੁੱਲ ਪਈ ਹੈ ਅਤੇ ਅਜੇ ਤੱਕ ਵਿਭਾਗ ਨੇ ਖੰਭੇ ਤੇ ਤਾਰਾਂ ਠੀਕ ਨਹੀ ਕੀਤੀਆਂ ਅਤੇ ਕਿਸਾਨਾਂ ਵਲੋਂ ਬਿਜਾਈ ਕੀਤੀ ਗਈ ਮੱਕੀ ਦੀ ਫਸਲ ਅਤੇ ਪਸ਼ੂਆਂ ਦਾ ਚਾਰਾ ਅਤੇ ਸ਼ਬਜੀਆਂ ਨੂੰ ਪਾਣੀ ਦੀ ਅਹਿਮ ਲੋੜ ਹੈ ਪਰ ਪਾਣੀ ਨਾ ਮਿਲਣ ਕਾਰਨ ਉਹ ਫਸਲਾਂ ਸੁੱਕ ਰਹੀਆਂ ਹਨ। ਇਸ ਮੌਕੇ ਸੰਜੀਵ ਕੁਮਾਰ ਰੂਬੀ ਨਿਆਂ ਸ਼ਹਿਰ, ਲਵਇੰਦਰ ਸਿੰਘ ਸਿੱਲ, ਅਵਤਾਰ ਸਿੰਘ ਬਜਹੇੜੀ ਸੰਦੀਪ ਰਾਣਾ ਝੰਜੇੜੀ, ਜਸਵਿਦੰਰ ਸਿੰਘ ਮਲਕਪੁਰ, ,ਗੁਰਿੰਦਰ ਸਿੰਘ ਮਹਿਮੂਦਪੁਰ ਸਮੇਤ ਹੋਰ ਆਗੂ ਅਤੇ ਕਿਸਾਨ ਹਾਜ਼ਰ ਸਨ।
