ਮਾਲੇਰਕੋਟਲਾ ਦੇ ਪਿੰਡ ਸੱਦੋਪੁਰ ਦੇ ਖੇਤਾਂ ਵਿਚ ਸੱਤਰ ਫੁੱਟ ਡੂੰਘੇ ਖੂਹ ਮਜ਼ਦੂਰ ਦੀ ਮੌਤ

ਮਾਲੇਰਕੋਟਲਾ , 6 ਮਈ : (ਮੁਨਸ਼ੀ ਫਾਰੂਕ) ਸਬਮਰਸੀਬਲ ਮੋਟਰ ਪਾਉਣ ਲਈ ਪਿੰਡ ਸੱਦੋਪੁਰ ਦੇ ਖੇਤਾਂ ਵਿਚ 70 ਫੁੱਟ ਡੂੰਘੇ ਖੂਹ ਵਿਚ ਉਤਰਿਆ ਇਕ ਮਜ਼ਦੂਰ ਖੂਹ ਦੀਆਂ ਇੱਟਾਂ ਡਿਗਣ ਨਾਲ ਮਾਰਿਆ ਗਿਆ। ਮ੍ਰਿਤਕ ਮਜ਼ਦੂਰ ਦਾ ਨਾਂ ਬਿੰਦਰ ਸਿੰਘ ਮੰਗੀ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬੋਰਾਂ ਵਿਚ ਸਬਮਰਸੀਬਲ ਮੋਟਰਾਂ ਪਾਉਣ ਅਤੇ ਕੱਢਣ ਦਾ ਮਾਹਿਰ ਬਿੰਦਰ ਸਿੰਘ ਮੰਗੀ ਆਪਣੇ ਤਿੰਨ ਹੋਰ ਸਾਥੀਆਂ ਮਨਪਰੀਤ ਸਿੰਘ, ਇਕਬਾਲ ਮੁਹੰਮਦ ਅਤੇ ਅਮਨਦੀਪ ਸਿੰਘ ਨਾਲ ਮੁਹੰਮਦ ਇਦਰੀਸ਼ ਵਾਸ਼ੀ ਸਾਦਤਪੁਰ ਅਤੇ ਪਿੰਡ ਰਟੋਲਾਂ ਨਾਲ ਸਬੰਧਤ ਤਿੰਨ ਹੋਰ ਕਿਸਾਨਾਂ ਦੇ ਸਾਂਝੇ ਖੂਹ ਵਿਚ ਅੱਜ ਸਬਮਰਸੀਬਲ ਮੋਟਰ ਪਾਉਣ ਗਿਆ ਸੀ। ਦੋ ਮਜ਼ਦੂਰ ਖੂ੍ਹ ਦੇ ਬਾਹਰ ਮੋਟਰ ਸੰਭਾਲ ਰਹੇ ਸਨ ਅਤੇ ਬਿੰਦਰ ਸਿੰਘ ਮੰਗੀ ਤੇ ਮਨਪਰੀਤ ਖੂਹ ਵਿਚ ਉਤਰ ਕੇ ਮੋਟਰ ਬੋਰ ਵਿਚ ਪਾ ਰਹੇ ਸਨ। ਅਚਾਨਕ ਖੂਹ ਦੀ ਮੌਣ ਦੀਆਂ ਇੱਟਾਂ ਖੂਹ ’ਚ ਡਿਗਣ ਲੱਗੀਆਂ ਅਤੇ ਕੰਮ ਕਰ ਰਹੇ ਬਿੰਦਰ ਸਿੰਘ ਮੰਗੀ ਤੇ ਮਨਪਰੀਤ ਦੇ ਸਿਰਾਂ ਵਿਚ ਜਾ ਵੱਜੀਆਂ। ਸੱਤਰ ਫੁੱਟ ਤੋਂ ਡਿਗੀਆਂ ਇੱਟਾਂ ਨਾਲ ਬਿੰਦਰ ਸਿੰਘ ਮੰਗੀ ਦੀ ਗਰਦਨ ਟੁੱਟ ਗਈ ਜਦਕਿ ਮਨਪਰੀਤ ਜਖਮੀਂ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪਰੀਤ ਸਿੰਘ ਹਥਨ ਅਤੇ ਜਥੇਦਾਰ ਤ੍ਰਿਲੋਚਨ ਸਿੰਘ ਹਥਨ ਨੇ ਦੱਸਿਆ ਕਿ ਬਿੰਦਰ ਸਿੰਘ ਮੰਗੀ ਅਤੇ ਮਨਪਰੀਤ ਸਿੰਘ ਨੂੰ ਸੱਤਰ ਫੁੱਟ ਡੂੰਘੇ ਪੁਰਾਣੇ ਖੂਹ ਵਿਚ ਰੱਸੇ ਨਾਲ ਉਤਾਰਿਆ ਗਿਆ। ਜਦਕਿ ਚਾਹੀਦਾ ਇਹ ਸੀ ਕਿ ਖੂਹ ਦੇ ਮਾਲਕ ਹੇਠਾਂ ਉਤਰਨ ਲਈ ਕੋਈ ਪੁੱਖਤਾ ਪ੍ਰਬੰਧ ਕਰਦੇ। ਉਨ੍ਹਾਂ ਦੱਸਿਆਂ ਕਿ ਬਾਹਰ ਖੜ੍ਹੇ ਮਜ਼ਦੂਰਾਂ ਨੇ ਹੀ ਦੋਵਾਂ ਨੂੰ ਖੂਹ ’ਚੋਂ ਬਾਹਰ ਕੱਢਿਆ ਅਤੇ ਗੱਡੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਮਾਲੇਰਕੋਟਲਾ ਲਿਆਂਦਾ। ਸੰਪਰਕ ਕਰਨ ’ਤੇ ਥਾਣਾ ਅਮਰਗੜ੍ਹ ਦੇ ਐਸ ਐਚ ਓ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਹੈ।ਉਧਰ ਬੀਕੇਯੂ ਏਕਤਾ ਉਗਰਾਹਾਂ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਚਰਨਜੀਤ ਸਿੰਘ ਹਥਨ ਅਤੇ ਗੁਰਪਰੀਤ ਸਿੰਘ ਹਥਨ ਨੇ ਐਲਾਨ ਕੀਤਾ ਕਿ ਮਜ਼ਦੂਰ ਬਿੰਦਰ ਸਿੰਘ ਮੰਗੀ ਦੇ ਪਰਿਵਾਰ ਨੂੰ ਇਨਸਾਫ ਲਈ ਹਰ ਪੱਧਰ ’ਤੇ ਜਥੇਬੰਦਕ ਲੜਾਈ ਵਿੱਢੀ ਜਾਵੇਗੀ। ਕਿਸਾਨ ਆਗੂਆਂ ਨੇ ਸੂਚਨਾ ਮਿਲਣ ਦੇ ਬਾਵਜੂਦ ਅਮਰਗੜ੍ਹ ਪੁਲੀਸ ਵੱਲੋਂ ਦੇਰ ਸਾਮ ਤੱਕ ਮੌਕੇ ’ਤੇ ਹੀ ਨਾ ਪਹੁੰਚਣ ਦੀ ਤਿੱਖੀ ਅਲੋਚਨਾ ਕੀਤੀ।
