ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਵੱਲੋਂ ਪਟਿਆਲਾ ਵਿਖੇ ਲੋਕ ਮੁੱਦਿਆਂ ਨੂੰ ਲੈ ਕੇ ਅਹਿਮ ਮੀਟਿੰਗ

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਜ਼ਿਲ੍ਹਾ ਪਟਿਆਲਾ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚਾਹੜਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੀਨਾ ਦੀ ਅਗਵਾਈ ਹੇਠ ਰਸੂਲਪੁਰ ਸੈਦਾਂ ਵਿਖ਼ੇ ਆਯੋਜਿਤ ਕੀਤੀ ਗਈ।ਇਸ ਮੌਕੇ ਜਥੇਬੰਦੀ ਦੇ ਕਈ ਪ੍ਰਮੁੱਖ ਆਗੂਆਂ ਅਤੇ ਮੈਂਬਰਾਂ ਚਰਨਜੀਤ ਸਿੰਘ ਸਾਹੀ, ਤਰਨਜੀਤ ਵਿੱਕੀ,ਮਨਜੀਤ ਸਿੰਘ ਗਿੱਲ,ਨਰਿੰਦਰ ਸਿੰਘ,ਜਗਮੇਲ ਸਿੰਘ,ਚਰਨਜੀਤ ਸਿੰਘ ਚੰਨੀ,ਬਾਬਾ ਹਰਬੰਸ ਸਿੰਘ,ਫੋਜੀ ਨਰਿੰਦਰ ਸਿੰਘ,ਡੀ.ਡੀ.ਸ਼ਰਮਾ,ਸਵਿੰਦਰਪਾਲ ਸਿੰਘ,ਚਰਨਜੀਤ ਸੇਠੀ,ਦਰਸ਼ਨ ਸਿੰਘ,ਜੋਗਿੰਦਰ ਸਿੰਘ,ਅਮਰੀਕ ਸਿੰਘ ਅਲੀਪੁਰ ਅਰਾਈਆਂ,ਪਰਮਜੀਤ ਸਿੰਘ,ਗੁਰਜੰਟ ਸਿੰਘ ਅਤੇ ਜੱਜ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਮੀਟਿੰਗ ਦੌਰਾਨ ਇਲਾਕੇ ਦੇ ਭਖਦੇ ਲੋਕ ਮੁੱਦਿਆਂ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਭਵਿੱਖ ਦੀ ਰਣਨੀਤੀ ਉਲੀਕੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੀਨਾ ਨੇ ਕਿਹਾ ਕਿ ਇਹ ਮੀਟਿੰਗ ਸਿਰਫ਼ ਕਿਸਾਨੀ ਮਸਲਿਆਂ ਤੱਕ ਸੀਮਤ ਨਹੀਂ ਹੈ,ਸਗੋਂ ਇਹ ਹਰ ਉਸ ਆਮ ਇਨਸਾਨ ਦੀ ਆਵਾਜ਼ ਹੈ ਜੋ ਮੌਜੂਦਾ ਪ੍ਰਬੰਧ ਦੀਆਂ ਕਮੀਆਂ ਕਾਰਨ ਦੁਖੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਨਤਾ ਦੇ ਇਨ੍ਹਾਂ ਵਾਜਬ ਮੁੱਦਿਆਂ ਵੱਲ ਤੁਰੰਤ ਧਿਆਨ ਨਾ ਦਿੱਤਾ,ਤਾਂ ਪਟਿਆਲਾ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਪਿੰਡਾਂ ਵਿੱਚ ਸਾਫ਼ ਪੀਣ ਵਾਲੇ ਪਾਣੀ, ਸਿਹਤ ਸੇਵਾਵਾਂ ਅਤੇ ਸਹੀ ਸਿੱਖਿਆ ਦੀ ਮੰਗ ਕੀਤੀ ਗਈ।ਫਸਲਾਂ ਦੇ ਉਚਿਤ ਭਾਅ ਅਤੇ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਪੱਧਰ ‘ਤੇ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ।ਮੀਟਿੰਗ ਦੇ ਅੰਤ ਵਿੱਚ ਸਮੂਹ ਆਗੂਆਂ ਨੇ ਜਥੇਬੰਦੀ ਦੇ ਫੈਸਲਿਆਂ ‘ਤੇ ਡਟ ਕੇ ਪਹਿਰਾ ਦੇਣ ਅਤੇ ਲੋਕ ਹਿੱਤਾਂ ਲਈ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ।
