ਪੰਜਾਬੀ ਯੂਨੀਵਰਸਿਟੀ ਨੇ ਮਨਾਇਆ ਆਪਣਾ 65ਵਾਂ ਸਥਾਪਨਾ ਦਿਵਸ

ਪੰਜਾਬੀ ਯੂਨੀਵਰਸਿਟੀ ਨੇ ਮਾਲਵਾ ਖੇਤਰ ਦੇ ਪੱਛੜੇਪਣ ਨੂੰ ਦੂਰ ਕੀਤਾ: ਡਾ. ਨਰਿੰਦਰ ਸਿੰਘ ਕਪੂਰ*
*ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੋਹੇਂ ਸਿੱਧੇ ਤੌਰ ‘ਤੇ ਪੇਂਡੂ ਅਵਾਮ ਨਾਲ ਜੁੜੀਆਂ ਸੰਸਥਾਵਾਂ: ਡਾ. ਸਤਿਬੀਰ ਸਿੰਘ ਗੋਸਲ*
ਪਟਿਆਲਾ, 30 ਅਪ੍ਰੈਲ (ਰਾਜਿੰਦਰ ਥਿੰਦ)
“ਪੰਜਾਬੀ ਯੂਨੀਵਰਸਿਟੀ ਨੇ ਦੁਨੀਆਂ ਭਰ ਵਿੱਚ ਪੰਜਾਬੀਅਤ ਦੀ ਮਹਿਕ ਬਿਖੇਰੀ ਹੈ। ਸਾਡੀ ਇਹ ਮਾਣਮੱਤੀ ਸੰਸਥਾ ਸਾਡੇ ਸਭ ਲਈ ਮਾਂ ਵਰਗਾ ਦਰਜਾ ਰੱਖਦੀ ਹੈ।”
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਇੱਥੇ ਯੂਨੀਵਰਸਿਟੀ ਦੇ 65ਵੇਂ ਸਥਾਪਨਾ ਦਿਵਸ ਮੌਕੇ ਰੱਖੇ ਗਏ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਿਰਫ਼ ਇੱਕ ਰਵਾਇਤੀ ਕਿਸਮ ਦਾ ਵਿਦਿਅਕ ਅਦਾਰਾ ਹੀ ਨਹੀਂ, ਸਗੋਂ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਦਾ ਇੱਕ ਅਜਿਹਾ ਧੁਰਾ ਹੈ ਜਿਸ ਨੇ ਪਿਛਲੇ ਛੇ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਨੇ ਵਿਸ਼ਵ ਭਰ ਵਿੱਚ ਫੈਲੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਪਿਛਲੇ ਇੱਕ ਸਾਲ ਦੌਰਾਨ ਯੂਨੀਵਰਸਿਟੀ ਵਿੱਚ ਹੋਈਆਂ ਵੱਖ ਵੱਖ ਗਤੀਵਿਧੀਆਂ ਅਤੇ ਉਪਲਬਧੀਆਂ ਦੇ ਵੇਰਵੇ ਸਾਂਝੇ ਕਰਦਿਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੋਜ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਤਾਂ ਜੋ ਯੂਨੀਵਰਸਿਟੀ ਦਾ ਨਾਮ ਕੌਮਾਂਤਰੀ ਪੱਧਰ ‘ਤੇ ਹੋਰ ਰੌਸ਼ਨ ਹੋ ਸਕੇ।
ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਤੀ ਚੁਣੌਤੀਆਂ ਦੇ ਬਾਵਜੂਦ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਸ ਮਾਣਮੱਤੀ ਸੰਸਥਾ ਦੇ ਰੁਤਬੇ ਨੂੰ ਬਰਕਰਾਰ ਰੱਖਿਆ ਜਾਵੇਗਾ।
ਸਥਾਪਨਾ ਦਿਵਸ ਭਾਸ਼ਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਦਿੱਤਾ ਗਿਆ। ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਆਪਸੀ ਅਕਾਦਮਿਕ ਸਾਂਝਾਂ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹੇਂ ਯੂਨੀਵਰਸਿਟੀਆਂ ਦੀ ਵਿਲੱਖਣਤਾ ਇਹ ਹੈ ਕਿ ਇਹ ਸਿੱਧੇ ਤੌਰ ਤੇ ਪੇਂਡੂ ਅਵਾਮ ਨਾਲ ਜੁੜੀਆਂ ਸੰਸਥਾਵਾਂ ਹਨ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਕਾਰਜ ਸ਼ੈਲੀ ਅਤੇ ਉਪਲਬਧੀਆਂ ਬਾਰੇ ਵਿਸ਼ੇਸ਼ ਜ਼ਿਕਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਨਾਲ਼ ਹੋਰ ਨਵੀਆਂ ਅਕਾਦਮਿਕ ਸਾਂਝਾ ਸਿਰਜੇ ਜਾ ਸਕਣ ਦੀਆਂ ਸੰਭਾਵਨਾਵਾਂ ਬਾਰੇ ਉਮੀਦ ਪ੍ਰਗਟਾਈ।
ਡਾ. ਨਰਿੰਦਰ ਸਿੰਘ ਕਪੂਰ ਨੇ ਇਸ ਮੌਕੇ ਦਿੱਤੇ ਗਏ ਭਾਵਪੂਰਤ ਭਾਸ਼ਣ ਦੌਰਾਨ ਕਿਹਾ ਕਿ ਕਿਸੇ ਸਮੇਂ ਪੰਜਾਬ ਦੇ ਮਾਲਵਾ ਖਿੱਤੇ ਨੂੰ ਪਛੜਿਆ ਹੋਇਆ ਇਲਾਕਾ ਸਮਝਿਆ ਜਾਂਦਾ ਸੀ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਮਾਲਵਾ ਖੇਤਰ ਦੇ ਪੱਛੜੇਪਣ ਨੂੰ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ‘ਤੇ ਸਦਾ ਮਾਣ ਕਰਦੇ ਹਨ ਕਿ ਉਹ ਪੰਜਾਬੀ ਯੂਨੀਵਰਸਿਟੀ ਦੀ ਸ਼ੁਰੂਆਤ ਸਮੇਂ ਦੇ ਦੂਜੇ ਬੈਚ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਯੂਨੀਵਰਸਿਟੀ ਦਾ ਅਸਲ ਕਾਰਜ ਨਵੇ ਵਿਚਾਰਾਂ ਪੈਦਾ ਕਰਨਾ, ਨਵੇਂ ਸਮਾਜਿਕ ਆਗੂ ਪੈਦਾ ਕਰਨਾ ਅਤੇ ਸਮਾਜ ਵਿੱਚ ਆਉਣ ਵਾਲੀਆਂ ਨਵੇਂ ਯੁਗ ਦੀਆਂ ਸਕਾਰਾਤਮਕ ਤਬਦੀਲੀਆਂ ਲਈ ਰਾਹ ਪੱਧਰਾ ਕਰਨਾ ਹੁੰਦਾ ਹੈ, ਪੰਜਾਬੀ ਯੂਨੀਵਰਸਿਟੀ ਨੇ ਇਹ ਕਾਰਜ ਬਾਖੂਬੀ ਕੀਤਾ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਸ਼ੁਰੂਆਤ ਸਮੇਂ ਦੀਆਂ ਵੱਖ-ਵੱਖ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਆਪਣੇ ਸ਼ੁਰੂਆਤ ਸਮੇਂ ਜਦੋਂ ਯੂਨੀਵਰਸਿਟੀ ਕੋਲ ਕੋਈ ਕੈਂਪਸ ਨਹੀਂ ਹੁੰਦਾ ਸੀ ਤਾਂ ਸਰਕਾਰੀ ਮਹਿੰਦਰਾ ਕਾਲਜ ਅਤੇ ਥਾਪਰ ਕਾਲਜ ਵਿੱਚ ਇਸ ਦੀਆਂ ਜਮਾਤਾਂ ਲਗਦੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਵੀ ਆਪਣੀ ਐੱਮ. ਏ. ਅੰਗਰੇਜ਼ੀ ਦਾ ਪਹਿਲਾ ਸਾਲ ਸਰਕਾਰੀ ਮਹਿੰਦਰਾ ਕਾਲਜ ਦੀ ਇਮਾਰਤ ਵਿੱਚ ਪੂਰਾ ਕੀਤਾ।
ਡਾ. ਕਪੂਰ ਨੇ ਕਿਹਾ ਕਿ ਹੁਣ ਜਦੋਂ ਵਿਸ਼ਵੀਕਰਨ ਦਾ ਦੌਰ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਵੀ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਹੁਣ ਅਸੀਂ ਆਪਣੀ ਯੂਨੀਵਰਸਿਟੀ ਦਾ ਮੁਕਾਬਲਾ ਸਿਰਫ ਨੇੜਲੇ ਖੇਤਰਾਂ ਦੀਆਂ ਹੋਰ ਯੂਨੀਵਰਸਿਟੀਆਂ ਨਾਲ ਹੀ ਨਹੀਂ ਮੰਨ ਕੇ ਚੱਲ ਸਕਦੇ ਬਲਕਿ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਸਥਿਤ ਹੋਰ ਗਲੋਬਲ ਪੱਧਰ ਦੀਆਂ ਯੂਨੀਵਰਸਿਟੀਆਂ ਅੱਜ ਸਾਡੇ ਮੁਕਾਬਲੇ ਵਿੱਚ ਹਨ। ਇਸ ਲਈ ਸਾਨੂੰ ਨਵੇਂ ਤਕਨੀਕੀ ਹੁਨਰਾਂ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਅਪਣਾਉਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਗਲੋਬਲ ਮੁਕਾਬਲੇ ਵਿੱਚ ਨਾ ਸਿਰਫ਼ ਟਿਕੇ ਰਹੀਏ, ਬਲਕਿ ਮੋਹਰੀ ਭੂਮਿਕਾ ਵੀ ਨਿਭਾ ਸਕੀਏ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਬੈਚ ਦੇ ਵਿਦਿਆਰਥੀ ਡਾ. ਤਰਲੋਕ ਸਿੰਘ ਅਨੰਦ, ਜੀਵ ਵਿਗਿਆਨ ਵਿਭਾਗ ਦੇ ਪਹਿਲੇ ਪੀਐੱਚ.ਡੀ. ਵਿਦਿਆਰਥੀ ਡਾ. ਮਲਕੀਤ ਸਿੰਘ ਸੈਣੀ ਅਤੇ ਹਾਲ ਹੀ ਵਿੱਚ ਨੇਪਾਲ ਦੀ ਐਮਾ ਡੈਬਲਮ ਚੋਟੀ ਨੂੰ ਸਰ ਕਰਦਿਆਂ ਪਹਿਲੀ ਪੰਜਾਬੀ ਮਹਿਲਾ ਦਾ ਮਾਣ ਹਾਸਿਲ ਕਰਨ ਵਾਲੀ ਸੁੱਖੀ ਬੱਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦਾ ਸਵਾਗਤੀ ਭਾਸ਼ਣ ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਨੇ ਦਿੱਤਾ ਜਦੋਂ ਕਿ ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਹੇ।
ਸਮਾਗਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਧਿਆਪਕਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਬਹੁਤ ਸਾਰੇ ਸਾਬਕਾ ਅਧਿਆਪਕ ਸਾਹਿਬਾਨ ਵੀ ਇਸ ਸਮਾਗਮ ਵਿੱਚ ਹਾਜ਼ਰ ਰਹੇ।
