ਪੱਛਮੀ ਬੰਗਾਲ ਵਿਚ ਦੂਜੇ ਗੇੜ ਦੀਆਂ 142 ਸੀਟਾਂ ਲਈ ਵੋਟਿੰਗ ਸ਼ੁਰੂ

0

ਨਵੀਂ ਦਿੱਲੀ, 29 ਅਪ੍ਰੈਲ (ਨਿਉੂਜ਼ ਟਾਊਨ ਨੈਟਵਰਕ): ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਪੜਾਅ ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰਕਿਰਿਆ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਈ ਹੈ। ਸੂਬੇ ਦੀਆਂ ਕੁੱਲ 142 ਸੀਟਾਂ ’ਤੇ ਹੋ ਰਹੀ ਇਸ ਚੋਣ ਜੰਗ ਵਿੱਚ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ। ਇਹ ਪੜਾਅ ਸੂਬੇ ਦੀ ਸਿਆਸਤ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਦੇ ਨਤੀਜੇ ਹੀ ਤੈਅ ਕਰਨਗੇ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਆਪਣੇ ਦੱਖਣੀ ਜ਼ਿਲ੍ਹਿਆਂ ਦੇ ਗੜ੍ਹ ਨੂੰ ਬਚਾ ਸਕਦੀ ਹੈ ਜਾਂ ਭਾਜਪਾ ਸੱਤਾ ਦੇ ਬੂਹੇ ਖੜਕਾਉਣ ਵਿੱਚ ਕਾਮਯਾਬ ਹੋਵੇਗੀ।

ਵੋਟਰਾਂ ਵਿੱਚ ਭਾਰੀ ਉਤਸ਼ਾਹ

ਸਵੇਰ ਤੋਂ ਹੀ ਕੋਲਕਾਤਾ, ਹਾਵੜਾ, ਨਾਦੀਆ, ਹੁਗਲੀ, ਪੂਰਬੀ ਬਰਧਮਾਨ ਸਮੇਤ ਉੱਤਰੀ ਅਤੇ ਦੱਖਣੀ 24 ਪਰਗਨਾ ਜ਼ਿਲ੍ਹਿਆਂ ਵਿੱਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਖੇਤਰ ਪੱਛਮੀ ਬੰਗਾਲ ਦੀ ਸਿਆਸਤ ਦਾ ਕੇਂਦਰ ਮੰਨੇ ਜਾਂਦੇ ਹਨ। ਪਹਿਲੇ ਪੜਾਅ ਦੇ ਉਲਟ, ਜਿੱਥੇ ਭਾਜਪਾ ਉੱਤਰੀ ਬੰਗਾਲ ਵਿੱਚ ਆਪਣੇ ਪ੍ਰਭਾਵ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਸੀ, ਇਸ ਵਾਰ ਮੁਕਾਬਲਾ ਸਿੱਧਾ ਟੀ.ਐੱਮ.ਸੀ. ਦੇ ਸਭ ਤੋਂ ਮਜ਼ਬੂਤ ਇਲਾਕਿਆਂ ਵਿੱਚ ਹੈ।

ਜ਼ਿਕਰਯੋਗ ਹੈ ਕਿ 2021 ਦੀਆਂ ਚੋਣਾਂ ਦੌਰਾਨ ਸੱਤਾਧਾਰੀ ਟੀ.ਐੱਮ.ਸੀ. ਨੇ ਇਨ੍ਹਾਂ 142 ਸੀਟਾਂ ਵਿੱਚੋਂ 123 ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ, ਜਦੋਂਕਿ ਭਾਜਪਾ ਦੇ ਹਿੱਸੇ ਸਿਰਫ 18 ਸੀਟਾਂ ਆਈਆਂ ਸਨ। ਅੱਜ ਦੀ ਵੋਟਿੰਗ ਜਿੱਥੇ ਸੱਤਾਧਾਰੀ ਧਿਰ ਲਈ ਆਪਣੀ ਸਰਦਾਰੀ ਕਾਇਮ ਰੱਖਣ ਦੀ ਚੁਣੌਤੀ ਹੈ, ਉੱਥੇ ਹੀ ਵਿਰੋਧੀ ਧਿਰਾਂ ਲਈ ਇਹ ਇਤਿਹਾਸ ਬਦਲਣ ਦਾ ਸੁਨਹਿਰੀ ਮੌਕਾ ਹੈ। ਅਜਿਹੇ ਵਿੱਚ ਸਾਰੀਆਂ ਨਜ਼ਰਾਂ ਸ਼ਾਮ ਤੱਕ ਹੋਣ ਵਾਲੀ ਵੋਟਿੰਗ ਫੀਸਦੀ ਅਤੇ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ’ਤੇ ਟਿਕੀਆਂ ਹੋਈਆਂ ਹਨ।

Leave a Reply

Your email address will not be published. Required fields are marked *