ਪਾਵਰਕੌਮ ਵਲ੍ਹੋਂ ਮਹਿੰਗੀ ਬਿਜਲੀ ਖਰੀਦਣ ਦੀ ਥਾਂ ਪੰਜਾਬ ‘ਚ ਬਿਜਲੀ ਕੱਟ ਲਗਾਉਣ ਦਾ ਫੈਸਲਾ

0

ਪਟਿਆਲਾ, 27 ਅਪ੍ਰੈਲ (ਰਾਜਿੰਦਰ ਸਿੰਘ ਥਿੰਦ) : ਪੰਜਾਬ ਇਸ ਸਮੇਂ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਖਾੜੀ ਯੁੱਧ (ਭੂ-ਸਿਆਸੀ ਤਣਾਅ) ਕਾਰਨ ਪੈਦਾ ਹੋਏ ਹਾਲਾਤ ਨੇ ਪਾਵਰ ਐਕਸਚੇਂਜ ਵਿਚ ਬਿਜਲੀ ਦੀਆਂ ਕੀਮਤਾਂ ਨੂੰ 11.50 ਰੁਪਏ ਪ੍ਰਤੀ ਯੂਨਿਟ ਦੇ ਉੱਚ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਇਸ ਬੇਤਹਾਸ਼ਾ ਵਾਧੇ ਕਾਰਨ ਪਾਵਰਕਾਮ ਨੇ ਮਹਿੰਗੀ ਬਿਜਲੀ ਖਰੀਦਣ ਦੀ ਬਜਾਏ ਸੂਬੇ ਵਿਚ ਬਿਜਲੀ ਕੱਟ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਾਵਰਕਾਮ ਨੇ ਕੁਝ ਥਾਈਂ ਕੱਟਾਂ ਤੋਂ ਰਾਹਤ ਵੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਇਸ ਸਾਲ ਅਪ੍ਰੈਲ ਮਹੀਨੇ ਵਿਚ ਬਿਜਲੀ ਦੀ ਰੋਜ਼ਾਨਾ ਮੰਗ 11,500 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 1,500 ਮੈਗਾਵਾਟ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਸਮੇਂ ਤੋਂ 15 ਦਿਨ ਪਹਿਲਾਂ ਆਈ ਭਿਆਨਕ ਗਰਮੀ (ਹੀਟਵੇਵ) ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੈਸ ਅਧਾਰਤ ਪਲਾਂਟਾਂ ਲਈ ਆਰ. ਐੱਲ. ਐੱਨ. ਜੀ. ਗੈਸ ਦੀਆਂ ਕੀਮਤਾਂ 10-11 ਡਾਲਰ ਤੋਂ ਵੱਧ ਕੇ 20-21 ਡਾਲਰ ਪ੍ਰਤੀ ਮਿਲੀਅਨ ਥਰਮਲ ਯੂਨਿਟ ਹੋ ਗਈਆਂ ਹਨ, ਜਿਸ ਕਾਰਨ ਬਿਜਲੀ ਉਤਪਾਦਨ ਬਹੁਤ ਮਹਿੰਗਾ ਹੋ ਗਿਆ ਹੈ। ਆਲਮ ਇਹ ਹੈ ਕਿ ਪਾਵਰਕਾਮ ਵੱਲੋਂ ਮਹਿੰਗੀ ਬਿਜਲੀ ਨਾ ਖਰੀਦਣ ਦੇ ਫੈਸਲੇ ਕਾਰਨ ਪੇਂਡੂ ਖੇਤਰਾਂ ਵਿਚ 2 ਤੋਂ 4 ਘੰਟੇ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਜੇਕਰ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਦੀ ਗੱਲ ਕਰੀਏ ਤਾਂ ਉੱਥੇ ਬਿਜਲੀ ਦੀ ਲਾਗਤ 4 ਤੋਂ 7.50 ਰੁਪਏ ਪ੍ਰਤੀ ਯੂਨਿਟ ਦੇ ਵਿਚਕਾਰ ਰਹਿੰਦੀ ਹੈ ਪਰ ਮੌਜੂਦਾ ਸਥਿਤੀ ਵਿਚ ਐਕਸਚੇਂਜ ਦੀਆਂ ਦਰਾਂ ਪਾਵਰਕਾਮ ਦੀ ਖਰੀਦ ਸਮਰੱਥਾ ਤੋਂ ਬਾਹਰ ਹੋ ਗਈਆਂ ਹਨ। ਉਧਰ ਪਾਵਰ ਇੰਜੀਨੀਅਰਜ਼ ਐਸੋਸੀਏਸ਼ਨ ਦੇ ਮਾਹਿਰਾਂ ਅਨੁਸਾਰ ਪੰਜਾਬ ਨੂੰ ਕੇਂਦਰੀ ਪੂਲ ‘ਤੇ ਆਪਣੀ ਨਿਰਭਰਤਾ ਘਟਾਉਣ ਦੀ ਲੋੜ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਸੂਬੇ ਵਿਚ 2,100 ਮੈਗਾਵਾਟ ਦੇ ਤਿੰਨ ਨਵੇਂ ਥਰਮਲ ਪਲਾਂਟ ਲਗਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਬਠਿੰਡਾ ਥਰਮਲ ਪਲਾਂਟ ਦੀ ਖਾਲੀ ਪਈ ਜ਼ਮੀਨ ‘ਤੇ 250 ਮੈਗਾਵਾਟ ਦਾ ਸੋਲਰ ਪਲਾਂਟ ਲਗਾਇਆ ਜਾ ਸਕਦਾ ਹੈ, ਜੋ ਕਿ ਗਰਮੀ ਦੇ ਮਹੀਨਿਆਂ ਵਿਚ ਵਾਧੂ ਮੰਗ ਨੂੰ ਪੂਰਾ ਕਰਨ ਵਿਚ ਸਹਾਇਕ ਹੋਵੇਗਾ। ਵਰਤਮਾਨ ਵਿਚ ਬਿਜਲੀ ਲਾਈਨਾਂ ਦੀ ਮੇਨਟੇਨੈਂਸ ਦਾ ਕੰਮ ਵੀ ਚੱਲ ਰਿਹਾ ਹੈ ਤਾਂ ਜੋ ਆਉਣ ਵਾਲੇ ਪੀਕ ਸੀਜ਼ਨ ਦੌਰਾਨ ਸਪਲਾਈ ਨੂੰ ਬਿਹਤਰ ਬਣਾਇਆ ਜਾ ਸਕੇ।

Leave a Reply

Your email address will not be published. Required fields are marked *