ਮਾਡਰਨ ਕਾਲਜ ਆਫ ਐਜੂਕੇਸ਼ਨ, ਰਾਣਵਾਂ (ਮਲੇਰਕੋਟਲਾ) ਵਿੱਚ ਡਿਗਰੀ ਵੰਡ ਸਮਾਰੋਹ ਧੂਮਧਾਮ ਨਾਲ ਆਯੋਜਿਤ


ਮਾਲੇਰਕੋਟਲਾ 27 ਅਪ੍ਰੈਲ ( ਮੁਨਸ਼ੀ ਫ਼ਾਰੂਕ) ਡਾਇਰੈਕਟਰ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ
ਮਾਡਰਨ ਕਾਲਜ ਆਫ ਐਜੂਕੇਸ਼ਨ, ਰਾਣਵਾਂ ਵਿਖੇ 25 ਅਪ੍ਰੈਲ 2026 ਨੂੰ ਬੜੇ ਹੀ ਉਤਸ਼ਾਹ ਨਾਲ ਸਾਲਾਨਾ ਡਿਗਰੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ FAP ਅਤੇ JAC ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਸ਼ਿਰਕਤ ਕੀਤੀ। ਇਹਨਾਂ ਦੇ ਨਾਲ ਹੀ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ਜੋ ਕਿ ਇੱਕ ਉੱਘੇ ਲੇਖਕ ਅਤੇ ਪੰਜਾਬੀ ਸਹਿਤ ਸਭਾ ਪਟਿਆਲਾ ਦੇ ਪ੍ਰਧਾਨ ਹਨ, ਡਿਗਰੀ ਵੰਡ ਸਮਾਰੋਹ ਵਿੱਚ ਸ਼ਾਮਿਲ ਹੋਏ।
ਕਾਰਜਕ੍ਰਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਆਗਮਨ ਨਾਲ ਹੋਈ, ਕਾਲਜ ਦੇ ਪ੍ਰਿੰਸੀਪਲ ਦੁਆਰਾ ਮੁੱਖ ਮਹਿਮਾਨ ਦੀ ਅਧਿਆਪਕਾਂ ਨਾਲ ਜਾਣ-ਪਹਿਚਾਣ ਕਰਵਾਈ ਗਈ। ਸਮਾਰੋਹ ਦੀ ਸ਼ੁਰੂਆਤ ਸ਼ੁਭ ਮਾਹੌਲ ਵਿੱਚ ਦੀਪ ਪ੍ਰਜਵਲਿਤ ਕਰਕੇ ਅਤੇ ਸ਼ਿਵ ਵੰਦਨਾ ਦੀ ਪ੍ਰਸਤੁਤੀ ਨਾਲ ਕੀਤੀ ਗਈ, ਜਿਸ ਨਾਲ ਆਧਿਆਤਮਿਕ ਵਾਤਾਵਰਣ ਬਣਿਆ।
ਮਿਸ ਹਰਜੀਤ ਕੌਰ ਵੱਲੋਂ ਸਵਾਗਤੀ ਭਾਸ਼ਣ ਪੇਸ਼ ਕੀਤਾ ਗਿਆ ਅਤੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ ਅਤੇ ਇੱਕ ਛੋਟੀ ਵੀਡੀਓ ਪ੍ਰਸਤੁਤੀ ਰਾਹੀਂ ਮੁੱਖ ਮਹਿਮਾਨ ਨਾਲ ਦਰਸ਼ਕਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਪ੍ਰਿੰਸੀਪਲ ਡਾ. ਗੀਤਿਕਾ ਵੱਲੋਂ ਕਾਲਜ ਦੀ ਰਿਪੋਰਟ ਦੀ ਪੇਸ਼ ਕੀਤੀ ਗਈ। ਜਿਸ ਵਿੱਚ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਸੰਸਥਾ ਦੀ ਤਰੱਕੀ ਨੂੰ ਦਰਸਾਇਆ ਗਿਆ। ਇਸ ਤੋਂ ਬਾਅਦ ਡਿਗਰੀ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸੈਸ਼ਨ 2020-22, 2021-23, 2024-25 ਅਤੇ 2023-25 ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਧੂਰੀ ਨੇ ਡਿਗਰੀ ਵੰਡ ਸਮਾਰੋਹ ਦੌਰਾਨ ਡਿਗਰੀ ਪ੍ਰਾਪਤ ਕਰਨ ਲਈ ਆਏ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕੀ ਇਕ ਬਹੁਤ ਹੀ ਮਹਾਨ ਅਤੇ ਪਵਿੱਤਰ ਪੇਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਭ ਖੁਸ਼ਕਿਸਮਤ ਹੋ ਕਿ ਤੁਹਾਨੂੰ ਅਧਿਆਪਕ ਬਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਸੱਚਾਈ ਤੇ ਨਿਸ਼ਠਾ ਨਾਲ ਕੰਮ ਕਰਦਿਆਂ ਸਮਾਜ ਦੀ ਭਲਾਈ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਮਾਰੋਹ ਦੌਰਾਨ ਡਾ. ਜਗਜੀਤ ਸਿੰਘ ਧੂਰੀ ਦੁਆਰਾ ਲਿਖੀ ਹੋਈ ਕਿਤਾਬ ਗੁਣਤਾਸ ਜਿਸ ਵਿੱਚ ਡਾ. ਦਰਸ਼ਨ ਸਿੰਘ ਆਸ਼ਟ ਦੀਆਂ ਕੁਝ ਰਚਨਾਵਾਂ ਹਨ, ਦਾ ਲੋਕਾਰਪਣ ਕੀਤਾ ਗਿਆ।
ਸਮਾਰੋਹ ਦੌਰਾਨ ਸਾਰੇ ਸੈਸ਼ਨ ਦੇ ਵਿਦਿਆਰਥੀਆਂ ਵਿਚੋਂ ਪਹਿਲੀ, ਦੂਸਰੀ ਅਤੇ ਤੀਸਰੀ ਪੋਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਖਾਸ ਤੌਰ ‘ਤੇ ਸੈਸ਼ਨ 2021–23 ਦੀ ਵਿਦਿਆਰਥਣ ਮਿਸ ਸ਼ਮਾ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਰੰਗਾਰੰਗ ਸੱਭਿਆਚਾਰਕ ਪ੍ਰਸਤੁਤੀਆਂ ਨੇ ਹੋਰ ਵੀ ਰੌਣਕਮਈ ਬਣਾਇਆ, ਜਿਸ ਵਿੱਚ ਭੰਗੜੇ ਦੀ ਪ੍ਰਸਤੁਤੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਕਾਰਜਕ੍ਰਮ ਦਾ ਸਮਾਪਨ ਧੰਨਵਾਦ ਭਾਸ਼ਣ ਨਾਲ ਹੋਇਆ, ਜਿਸ ਤੋਂ ਬਾਅਦ ਰਾਸ਼ਟਰੀ ਗਾਨ ਗਾਇਆ ਗਿਆ।
ਇਹ ਡਿਗਰੀ ਵੰਡ ਸਮਾਰੋਹ ਸੰਸਥਾ ਦੀ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
